ਸੂਰਤ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਗੁਜਰਾਤ ਦੇ ਲੋਕਾਂ ਨੂੰ ਦਿੱਲੀ ਅਤੇ ਪੰਜਾਬ ਵਾਂਗ 24 ਘੰਟੇ ਮੁਫਤ ਬਿਜਲੀ ਦੇਣ ਦੀ ਪਹਿਲੀ ਗਾਰੰਟੀ ਦਿੱਤੀ | ਉਨ੍ਹਾ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹਰ ਪਰਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ 31 ਦਸੰਬਰ 2021 ਤੱਕ ਦੇ ਸਾਰੇ ਪੁਰਾਣੇ ਬਕਾਇਆ ਬਿੱਲ ਮੁਆਫ ਕਰ ਦਿੱਤੇ ਜਾਣਗੇ | ਕੇਜਰੀਵਾਲ ਨੇ ਕਿਹਾ ਕਿ ਜਨਤਾ ਨੂੰ ਮੁਫਤ ਰੇਵੜੀ ਦੇਣ ਨਾਲ ਸ੍ਰੀਲੰਕਾ ਵਰਗੀ ਸਥਿਤੀ ਨਹੀਂ ਹੁੰਦੀ, ਸਗੋਂ ਆਪਣੇ ਦੋਸਤਾਂ ਅਤੇ ਮੰਤਰੀਆਂ ਨੂੰ ਦੇਣ ਨਾਲ ਅਜਿਹੀ ਸਥਿਤੀ ਪੈਦਾ ਹੁੰਦੀ ਹੈ | ਜਨਤਾ ਨੂੰ ਮੁਫਤ ਰੇਵੜੀ ਰੱਬ ਦਾ ਪ੍ਰਸ਼ਾਦ ਹੈ ਅਤੇ ਦੋਸਤਾਂ ਨੂੰ ਮੁਫਤ ਰੇਵੜੀ ਪਾਪ ਹੈ |
ਸ੍ਰੀਲੰਕਾ ਵਾਲਾ ਆਪਣੇ ਦੋਸਤਾਂ ਨੂੰ ਮੁਫਤ ਰੇਵੜੀ ਦਿੰਦਾ ਸੀ, ਜੇ ਉਹ ਜਨਤਾ ਨੂੰ ਦਿੰਦਾ ਤਾਂ ਜਨਤਾ ਉਸ ਨੂੰ ਘਰ ਵਿਚ ਵੜ ਕੇ ਨਾ ਭਜਾਉਂਦੀ | ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ‘ਚ 27 ਸਾਲ ਰਾਜ ਕਰਨ ਵਾਲਿਆਂ ਨੂੰ ਕੁਝ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ | ਉਹਨਾਂ ਜੋ ਕਰਨਾ ਸੀ, ਉਹ ਕੀਤਾ, ਹੁਣ ਗੁਜਰਾਤ ਬਦਲਾਅ ਚਾਹੁੰਦਾ ਹੈ |