ਜਲੰਧਰ : ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦਾ ਜਨਮ ਦਿਵਸ ਸਮਾਗਮ ਸਾਡੇ ਸਮੇਂ ਦੇ ਭਖ਼ਦੇ ਸਰੋਕਾਰਾਂ ਨੂੰ ਮੁਖ਼ਾਤਬ ਹੋ ਨਿਬੜਿਆ। ਗ਼ਦਰੀ ਦੇਸ਼ ਭਗਤਾਂ ਦੇ ਨਗਰ ਬਿਲਗਾ ਵਿਖੇ ਹੋਏ ਇਸ ਸਮਾਗਮ ’ਚ ਮੁਲਕ ਦੇ ਅੰਬਰ ’ਤੇ ਛਾਏ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਭਾਰਤੀ ਜੋਟੀਦਾਰਾਂ ਵੱਲੋਂ ਬੋਲੇ ਚੌਤਰਫ਼ੇ ਹੱਲੇ ਅਤੇ ਫ਼ਿਰਕੂ ਫਾਸ਼ੀ ਹੱਲੇ ਦੇ ਬੱਦਲਾਂ ਬਾਰੇ ਚਰਚਾ ਛਾਈ ਰਹੀ। ਸਮਾਗਮ ’ਚ ਇਹ ਵਿਚਾਰ ਉਭਰ ਕੇ ਸਾਹਮਣੇ ਆਏ ਕਿ ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਲੋਕ-ਸਰੋਕਾਰਾਂ ਦੀ ਬਾਤ ਜਾਰੀ ਰਹੇਗੀ ਅਤੇ ਕਿੰਨੀਆਂ ਵੀ ਚੁਣੌਤੀਆਂ ਭਰਪੂਰ ਹਾਲਤਾਂ ਦਰਪੇਸ਼ ਹੋਣ ਭਵਿੱਖ਼ ਵਿੱਚ ਇਤਿਹਾਸਕ ਵਿਰਾਸਤ ਦੇ ਥੰਮ੍ਹ ਬਾਬਾ ਭਗਤ ਸਿੰਘ ਬਿਲਗਾ ਵਰਗੇ ਸਿਦਕਵਾਨ ਲੋਕਾਂ ਦੇ ਸੁਪਨਿਆਂ ਦੀ ਪੂਰਤੀ ਲਈ ਸੰਗਰਾਮ ਜਾਰੀ ਰਹੇਗਾ। ਸਮਾਗਮ ਦੇ ਆਰੰਭ ਵਿੱਚ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਬਾਬਾ ਬਿਲਗਾ ਜੀ ਦੇ ਜੀਵਨ ਤੇ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿੱਚ ਬਣੇ ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰ ਹਾਲ ਬਿਲਗਾ (ਜਲੰਧਰ) ਦੇ ਪ੍ਰਬੰਧ ਵਿੱਚ ਸਥਾਨਕ ਅਗਾਂਹਵਧੂ ਸਾਥੀਆਂ ਦਾ ਸੰਪੂਰਨ ਸਹਿਯੋਗ ਮਿਲਦਾ ਹੈ। ਉਹਨਾ ਇਸ ਮੌਕੇ ਵਿਛੜੇ ਸਹਿਯੋਗੀਆਂ, ਜਿਨ੍ਹਾਂ ਵਿੱਚ ਕਾਮਰੇਡ ਗੁਰਪ੍ਰੇਮ ਸਿੰਘ ਸੰਘੇੜਾ, ਕਾਮਰੇਡ ਅਜਮੇਲ ਸਿੰਘ ਸੰਘੇੜਾ ਅਤੇ ਧੰਨਾ ਸਿੰਘ ਸੰਘੇੜਾ ਨੂੰ ਯਾਦ ਕਰਦਿਆਂ ਆਪਣੇ ਸਹਿਯੋਗੀ ਸੰਤੋਖ ਸਿੰਘ ਸੰਧੂ ਦੀ ਹਾਲ ਹੀ ਵਿੱਚ ਵਿਛੜੀ ਭੈਣ ਬਿੰਦਾ ਨੂੰ ਯਾਦ ਕੀਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਆਰ ਐੱਮ ਪੀ ਆਈ ਦੇ ਆਗੂ ਮੰਗਤ ਰਾਮ ਪਾਸਲਾ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੰਤੋਖ ਸਿੰਘ ਬਿਲਗਾ, ਕੁਲਬੀਰ ਸਿੰਘ ਸੰਘੇੜਾ ਤੇ ਮਾਸਟਰ ਪ੍ਰਸ਼ੋਤਮ ਲਾਲ ਸੁਸ਼ੋਭਿਤ ਹੋਏ। ਸਮਾਗਮ ਦੇ ਆਰੰਭ ਵਿੱਚ ਮਾੜੀਮੇਘਾ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਨਾਲ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਸਮਾਗਮ ਵਿੱਚ ਮੰਗਤ ਰਾਮ ਪਾਸਲਾ, ਪਿ੍ਰਥੀਪਾਲ ਮਾੜੀਮੇਘਾ, ਪ੍ਰਸ਼ੋਤਮ ਲਾਲ ਬਿਲਗਾ, ਸੀਤਲ ਸਿੰਘ ਸੰਘਾ, ਸੰਤੋਖ ਸਿੰਘ ਬਿਲਗਾ, ਸੁਰਿੰਦਰ ਕੁਮਾਰੀ ਕੋਛੜ ਨੇ ਬਾਬਾ ਬਿਲਗਾ ਦੇ ਜੀਵਨ ਤੇ ਲੋਕ-ਹਿਤੈਸ਼ੀ ਸੰਘਰਸ਼ ਵਿੱਚ ਉਨ੍ਹਾ ਦੇ ਯੋਗਦਾਨ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਬਾਬਾ ਭਗਤ ਸਿੰਘ ਬਿਲਗਾ ਨੂੰ ਯਾਦ ਕਰਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਉਹਨਾ ਨੂੰ ਆਦਰਸ਼ਕ ਲੋਕ-ਹਿਤੈਸ਼ੀ ਆਗੂ ਦੱਸਿਆ। ਬਾਬਾ ਬਿਲਗਾ ਦੇ ਵੱਡੇ ਪੋਤਰੇ ਅਮਨਬੀਰ ਸਿੰਘ ਸੰਘੇੜਾ ਨੇ ਬਾਬਾ ਜੀ ਬਾਰੇ ਗੱਲ ਕਰਦਿਆਂ ਉਨ੍ਹਾ ਨੂੰ ਆਪਣਾ ਮਾਰਗ-ਦਰਸ਼ਕ ਦੱਸਿਆ। ਇਸ ਮੌਕੇ ਅਮਨਬੀਰ ਸਿੰਘ ਸੰਘੇੜਾ ਨੇ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਸੀ ਪੀ ਆਈ ਐੱਮ ਅਤੇ ਪਲਸ ਮੰਚ ਦੀਆਂ ਬਿਲਗਾ ਇਕਾਈਆਂ, ਸਾਹਿਤ ਕਲਾ ਕੇਂਦਰ ਜਲੰਧਰ ਅਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਰਾਸ਼ੀ ਬਾਬਾ ਜੀ ਦੀ ਯਾਦ ਵਿੱਚ ਦਿੱਤੀ। ਸਮਾਗਮ ਦੇ ਅਖੀਰ ਵਿੱਚ ਕੁਲਬੀਰ ਸਿੰਘ ਸੰਘੇੜਾ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਨਾਲ ਸੰਬੰਧਤ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ।