ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਉਮੀਦ ਜਤਾਈ ਹੈ ਕਿ ਆਮ ਚੋਣਾਂ ਤੋਂ ਬਾਅਦ ਭਾਰਤ ਨਾਲ ਸੰਬੰਧ ਸੁਧਰ ਜਾਣਗੇ। ਉਨ੍ਹਾ ਇਹ ਗੱਲ ਸਿੰਗਾਪੁਰ ’ਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਕਹੀ, ਜਿਸ ’ਚ ਉਨ੍ਹਾ ਕਿਹਾ ਸੀ ਕਿ ਪਾਕਿਸਤਾਨ ਲਗਭਗ ਇੱਕ ਉਦਯੋਗ ਪੱਧਰ ’ਤੇ ਅੱਤਵਾਦ ਨੂੰ ਵਧਾਵਾ ਦੇ ਰਿਹਾ ਹੈ ਅਤੇ ਭਾਰਤ ਹੁਣ ਅੱਤਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ ’ਚ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਸਿਫ ਨੇ ਕਿਹਾਭਾਰਤ ’ਚ ਚੋਣਾਂ ਤੋਂ ਬਾਅਦ ਸਾਡੇ ਰਿਸ਼ਤੇ ਸੁਧਰ ਸਕਦੇ ਹਨ। ਉਨ੍ਹਾ ਕਿਹਾ ਕਿ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਦਾ ‘ਆਪਣਾ ਪਿਛੋਕੜ’ ਹੈ। ਇਸਲਾਮਾਬਾਦ ਅਤੇ ਨਵੀਂ ਦਿੱਲੀ ਦੇ ਤਣਾਅਪੂਰਨ ਸੰਬੰਧਾਂ ਦਾ ਇੱਕ ਲੰਮਾ ਇਤਿਹਾਸ ਹੈ, ਮੁੱਖ ਤੌਰ ’ਤੇ ਕਸ਼ਮੀਰ ਮੁੱਦੇ ਦੇ ਨਾਲ-ਨਾਲ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਸਰਹੱਦ ਪਾਰਲੇ ਅੱਤਵਾਦ ਦੇ ਕਾਰਨ। 2019 ’ਚ ਭਾਰਤ ਸਰਕਾਰ ਦੁਆਰਾ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ, ਜੰਮੂ ਅਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਸੰਬੰਧਾਂ ਨੂੰ ਘਟਾ ਦਿੱਤਾ ਸੀ।