ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ, ਨਿਸ਼ਾਨ ਸਿੰਘ ਬਣਵਾਲਾ)- ਮੀਂਹ ਕਾਰਨ ਮਕਾਨ ਢਹਿਣ ਕਾਰਨ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਤੇ ਪੰਜਵਾਂ ਗੰਭੀਰ ਜ਼ਖਮੀ ਹੋ ਗਿਆ | ਮਿ੍ਤਕਾਂ ‘ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ | ਹਰਿਆਣਾ ਦੇ ਅਸੰਧ ਦਾ ਮਜ਼ਦੂਰ ਪਰਵਾਰ ਵਾਰਡ ਨੰਬਰ 9 ਵਿਚ ਜਾਖਲ ਰੋਡ ‘ਤੇ ਐੱਸ ਬੀ ਆਈ ਬੈਂਕ ਕੋਲ ਕਿਰਾਏ ‘ਤੇ ਰਹਿੰਦਾ ਸੀ | ਵੀਰਵਾਰ ਸਵੇਰੇ ਛੇ ਵਜੇ ਮਕਾਨ ਦੀ ਛੱਤ ਡਿੱਗ ਪਈ, ਜਿਸ ਨਾਲ ਰਾਜੂ (42), ਉਸ ਦੀ ਪਤਨੀ ਸੁਨੀਤਾ (38), ਬੇਟੇ ਅਮਨ (18) ਅਤੇ ਬੇਟੀ ਊਸ਼ਾ (11) ਦੀ ਮੌਤ ਹੋ ਗਈ, ਜਦਕਿ ਪੰਦਰਾਂ ਸਾਲਾ ਬੇਟਾ ਵਿਕਾਸ ਸਿਰ ‘ਚ ਸੱਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ | ਮਕਾਨ ਸ਼ਹਿਰ ਦੇ ਬਾਹਰਲੇ ਇਲਾਕੇ ਵਿਚ ਸੀ | ਨਾਲ ਲੱਗਦੇ ਖੇਤਾਂ ਵਿਚ ਝੋਨਾ ਲੱਗਾ ਹੋਣ ਕਾਰਨ ਪਾਣੀ ਨੀਂਹਾਂ ‘ਚ ਪੈਣ ਨਾਲ ਕੰਧ ਦੱਬ ਗਈ | ਰਾਜੂ ਦਾ ਪਰਵਾਰ ਅਨਾਜ ਮੰਡੀ ਵਿਚ ਪੱਲੇਦਾਰੀ ਕਰਦਾ ਸੀ | ਮੌਕੇ ‘ਤੇ ਪੁੱਜੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰਕੇ ਬਚੇ ਬੱਚੇ ਦੀ ਆਰਥਕ ਸਹਾਇਤਾ ਕਰਾਉਣਗੇ |