ਨਵੀਂ ਦਿੱਲੀ : ਆਪ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਸ਼ੁੱਕਰਵਾਰ ਕਿਹਾ ਕਿ ਸ਼ਰਾਬ ਘੁਟਾਲੇ ਪਿੱਛੇ ਭਾਜਪਾ ਦਾ ਹੱਥ ਹੈ ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕਣ ਦੀ ਸਾਜ਼ਿਸ਼ ਰਚੀ ਹੈ |
ਜੇਲ੍ਹ ‘ਚੋਂ ਬਾਹਰ ਆਉਣ ਤੋਂ ਦੋ ਦਿਨ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਭਾਜਪਾ ਨੇ ਮਗੁੰਟਾ ਰੈਡੀ ਤੇ ਉਸ ਦੇ ਬੇਟੇ ਰਾਘਵ ਮਗੁੰਟਾ ਰੈਡੀ ਉਤੇ ਕੇਜਰੀਵਾਲ ਖਿਲਾਫ ਬਿਆਨ ਦੇਣ ਲਈ ਦਬਾਅ ਪਾਇਆ | ਮਗੁੰਟਾ ਵੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਮੁਲਜ਼ਮ ਸੀ ਤੇ ਫਿਰ ਸਰਕਾਰੀ ਗਵਾਹ ਬਣ ਗਿਆ |
ਸੰਜੈ ਸਿੰਘ ਨੇ ਕਿਹਾ ਕਿ ਮਗੁੰਟਾ ਰੈਡੀ ਨੇ ਕੇਸ ਵਿਚ 3 ਤੇ ਉਸ ਦੇ ਬੇਟੇ ਰਾਘਵ ਮਗੁੰਟਾ ਨੇ 7 ਬਿਆਨ ਦਿੱਤੇ | ਜਦੋਂ ਈ ਡੀ ਨੇ 16 ਸਤੰਬਰ ਨੂੰ ਮਗੁੰਟਾ ਰੈਡੀ ਤੋਂ ਪੁੱਛਿਆ ਕਿ ਕੀ ਉਹ ਕੇਜਰੀਵਾਲ ਨੂੰ ਜਾਣਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਮਿਲਿਆ ਸੀ, ਪਰ ਚੈਰੀਟੇਬਲ ਟਰੱਸਟ ਜ਼ਮੀਨ ਲਈ | ਜਦੋਂ ਉਸ ਦੇ ਬੇਟੇ ਨੂੰ ਫੜ ਕੇ 5 ਮਹੀਨੇ ਜੇਲ੍ਹ ਵਿਚ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ ਤਾਂ ਉਸ ਨੇ ਬਿਆਨ ਬਦਲ ਲਿਆ | 10 ਫਰਵਰੀ ਤੋਂ 16 ਜੁਲਾਈ ਤਾਕ ਰਾਘਵ ਮਗੁੰਟਾ ਦੇ 7 ਬਿਆਨ ਲਏ ਗਏ | ਛੇ ਵਿਚ ਉਸ ਨੇ ਕੇਜਰੀਵਾਲ ਖਿਲਾਫ ਕੁਝ ਨਹੀਂ ਕਿਹਾ ਤੇ ਸੱਤਵੇਂ ਵਿਚ ਸਾਜ਼ਿਸ਼ ਦਾ ਹਿੱਸਾ ਬਣ ਕੇ ਕੇਜਰੀਵਾਲ ਖਿਲਾਫ ਬਿਆਨ ਦੇ ਦਿੱਤਾ |
ਸੰਜੈ ਸਿੰਘ ਨੇ ਮਗੁੰਟਾ ਰੈਡੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਸਵੀਰ ਵੀ ਸਾਂਝੀ ਕੀਤੀ | ਉਹ ਆਂਧਰਾ ਵਿਚ ਭਾਜਪਾ ਦੀ ਇਤਿਹਾਦੀ ਤੇਲਗੂ ਦੇਸਮ ਪਾਰਟੀ ਦਾ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਹੈ |
ਇਸੇ ਤਰ੍ਹਾਂ ਅਰਬਿੰਦੋ ਫਾਰਮਾ ਦੇ ਡਾਇਰੈਕਟਰ ਸਰਤ ਰੈਡੀ ਨੇ ਦਬਾਅ ਵਿਚ ਬਿਆਨ ਬਦਲਿਆ |
9 ਨਵੰਬਰ 2022 ਵਿਚ ਉਸ ਦੇ ਘਰ ਛਾਪਾ ਮਾਰਿਆ ਗਿਆ | ਜਦੋਂ ਈ ਡੀ ਨੇ ਕੇਜਰੀਵਾਲ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਨਹੀਂ ਜਾਣਦਾ | ਈ ਡੀ ਨੇ ਉਸ ਨੂੰ ਗਿ੍ਫਤਾਰ ਕਰਕੇ 25 ਅਪ੍ਰੈਲ ਤੱਕ ਜੇਲ੍ਹ ਵਿਚ ਰੱਖਿਆ | ਛੇ ਮਹੀਨਿਆਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਹ ਕੇਜਰੀਵਾਲ ਖਿਲਾਫ ਬਿਆਨ ਦੇਵੇ ਨਹੀਂ ਤਾਂ ਜੇਲ੍ਹ ਵਿਚ ਸੜੇਗਾ | ਉਹ ਟੁੱਟ ਗਿਆ ਤੇ ਕੇਜਰੀਵਾਲ ਖਿਲਾਫ ਬਿਆਨ ਦੇ ਦਿੱਤਾ |

