ਇਹਤਿਆਤ ’ਚ ਹੀ ਬਿਹਤਰੀ

0
165

ਘੱਟ ਗਿਣਤੀਆਂ ’ਤੇ ਵਧ ਰਹੇ ਹਮਲਿਆਂ ਦੇ ਮੱਦੇਨਜ਼ਰ ਭਾਰਤ ਵਿਚ ਕੈਥੋਲਿਕ ਭਾਈਚਾਰੇ ਦੀ ਸਭ ਤੋਂ ਵੱਡੀ ਜਥੇਬੰਦੀਕੈਥੋਲਿਕ ਬਿਸ਼ਪ’ਸ ਕਾਨਫਰੰਸ ਆਫ ਇੰਡੀਆ (ਸੀ ਬੀ ਸੀ ਆਈ) ਨੇ ਆਪਣੇ ਤਹਿਤ ਚਲਦੇ ਵਿਦਿਅਕ ਅਦਾਰਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਵਿੱਦਿਅਕ ਅਦਾਰਿਆਂ ’ਚ ਗੈਰ-ਈਸਾਈ ਧਰਮਾਂ ਦੇ ਵਿਦਿਆਰਥੀਆਂ ’ਤੇ ਈਸਾਈ ਰਵਾਇਤਾਂ ਨਾ ਮੜ੍ਹੀਆਂ ਜਾਣ ਤੇ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰਾਇਆ ਜਾਵੇ। ਪ੍ਰਸਤਾਵਨਾ ਨੂੰ ਮੇਨ ਗੇਟ ’ਤੇ ਵੀ ਪ੍ਰਦਰਸ਼ਤ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿਚ ਅੰਤਰ-ਧਰਮ ਪ੍ਰਾਰਥਨਾ ਕਮਰਾ ਕਾਇਮ ਕੀਤਾ ਜਾਵੇ। ਕੁਝ ਪ੍ਰਮੁੱਖ ਭਾਰਤੀ ਆਜ਼ਾਦੀ ਘੁਲਾਟੀਆਂ, ਵਿਗਿਆਨੀਆਂ, ਕਵੀਆਂ ਤੇ ਕੌਮੀ ਨੇਤਾਵਾਂ ਦੀਆਂ ਤਸਵੀਰਾਂ ਸਕੂਲ ਦੀ ਲੌਬੀ ਤੇ ਲਾਇਬ੍ਰੇਰੀ ਵਿਚ ਲਗਾਈਆਂ ਜਾਣ। ਸੀ ਬੀ ਸੀ ਆਈ ਦੀ ਸੋਚ ਹੈ ਕਿ ਇਸ ਤਰ੍ਹਾਂ ਕਰਨ ਨਾਲ ਚਲੰਤ ਸਮਾਜੀ-ਸੱਭਿਆਚਾਰ, ਧਾਰਮਕ ਤੇ ਸਿਆਸੀ ਸਥਿਤੀ ਕਾਰਨ ਪੈਦਾ ਹੋ ਰਹੀਆਂ ਵੰਗਾਰਾਂ ਨਾਲ ਸਿੱਝਣ ਵਿਚ ਮਦਦ ਮਿਲੇਗੀ।
ਸੀ ਬੀ ਸੀ ਆਈ ਤਹਿਤ ਦੇਸ਼ ਭਰ ਵਿਚ ਕਰੀਬ 14 ਹਜ਼ਾਰ ਸਕੂਲ, 650 ਕਾਲਜ, 7 ਯੂਨੀਵਰਸਿਟੀਆਂ, ਪੰਜ ਮੈਡੀਕਲ ਕਾਲਜ ਤੇ 450 ਤਕਨੀਕੀ ਤੇ ਕਿੱਤਾਕਾਰੀ ਅਦਾਰੇ ਚਲਦੇ ਹਨ। ਉਸ ਨੇ ਉਪਰੋਕਤ ਦਿਸ਼ਾ-ਨਿਰਦੇਸ਼ ਪਿੱਛੇ ਜਿਹੇ ਈਸਾਈ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਦੇ ਪਿ੍ਰੰਸੀਪਲਾਂ ਤੇ ਸਟਾਫ ਉੱਤੇ ਹਮਲਿਆਂ ਤੇ ਪ੍ਰਦਰਸ਼ਨਾਂ ਦੇ ਪਿਛੋਕੜ ਵਿਚ ਜਾਰੀ ਕੀਤੇ ਹਨ। ਫਰਵਰੀ ਵਿਚ ਤਿ੍ਰਪੁਰਾ ਦੇ ਇਕ ਨਿੱਜੀ ਈਸਾਈ ਮਿਸ਼ਨਰੀ ਸਕੂਲ ਦੇ ਇਕ ਟੀਚਰ ’ਤੇ ਬਜਰੰਗ ਦਲੀਆਂ ਨੇ ਉਦੋਂ ਪੋ੍ਰਟੈੱਸਟ ਕੀਤਾ ਸੀ, ਜਦੋਂ ਉਸ ਨੇ ਇਕ ਵਿਦਿਆਰਥੀ ਨੂੰ ਗੁੱਟ ’ਤੇ ਹਿੰਦੂ ਧਰਮ ਨੂੰ ਦਰਸਾਉਦਾ ਗਾਨਾ ਬੰਨ੍ਹਣ ਤੋਂ ਵਰਜਿਆ। ਉਸੇ ਮਹੀਨੇ ਆਸਾਮ ਦੇ ਇਕ ਗਰਮ ਖਿਆਲ ਹਿੰਦੂ ਗਰੁੱਪ ਨੇ ਸੂਬੇ ਦੇ ਈਸਾਈ ਸਕੂਲਾਂ ਵਿਚ ਸਾਰੇ ਈਸਾਈ ਪ੍ਰਤੀਕ ਤੇ ਧਾਰਮਕ ਆਦਤਾਂ ਨੂੰ ਹਟਾਉਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ।
ਹਿੰਦੂ ਕੱਟੜਵਾਦੀਆਂ ਵੱਲੋਂ ਮੋਦੀ ਰਾਜ ਵਿਚ ਮਚਾਈ ਜਾ ਰਹੀ ਬੁਰਛਾਗਰਦੀ ਦਰਮਿਆਨ ਈਸਾਈਆਂ ਤੋਂ ਇਲਾਵਾ ਹੋਰਨਾਂ ਘੱਟ ਗਿਣਤੀ ਫਿਰਕਿਆਂ ਵੱਲੋਂ ਚਲਾਏ ਜਾਂਦੇ ਵਿੱਦਿਅਕ ਅਦਾਰਿਆਂ ਵਿਚ ਵੀ ਅਜਿਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਚੰਗਾ ਰਹੇਗਾ। ਜਦੋਂ ਸੂਬਾ ਸਰਕਾਰਾਂ ਸੁਰੱਖਿਆ ਦੀ ਗਰੰਟੀ ਨਾ ਦੇ ਸਕਣ ਤਾਂ ਖੁਦ ਹੀ ਬਚਾਅ ਕਰਨਾ ਠੀਕ ਰਹੇਗਾ। ਇਸ ਤਰ੍ਹਾਂ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ, ਜਿਸ ਨੂੰ ਕੱਟੜਵਾਦੀ ਆਪਣੇ ਸੁਆਰਥੀ ਹਿੱਤਾਂ ਲਈ ਵਰਤ ਸਕਣ।

LEAVE A REPLY

Please enter your comment!
Please enter your name here