ਵੀਹ ਕੁ ਸਾਲ ਪਹਿਲਾਂ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪਹਾੜਾਂ ਵਿੱਚ ਰੁੜ੍ਹ ਕੇ ਦਰਿਆਵਾਂ ਵਿੱਚ ਆਉਂਦੀ ਰੇਤਾ ਵੀ ਇੱਕ ਬੇਹੱਦ ਲਾਹੇਵੰਦੇ ਕਾਰੋਬਾਰ ਵਿੱਚ ਬਦਲ ਜਾਵੇਗੀ | ਅੱਜ ਲੱਗਭੱਗ ਹਰ ਰਾਜ ਵਿੱਚ ਹੀ ਰੇਤਾ ਤੇ ਬੱਜਰੀ ਦੇ ਮਾਫ਼ੀਆ ਪੈਦਾ ਹੋ ਗਏ ਹਨ | ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਯੂ ਪੀ, ਰਾਜਸਥਾਨ ਤੇ ਹਰਿਆਣਾ ਵਿੱਚ ਤਾਂ ਇਹ ਜਾਇਜ਼, ਨਜਾਇਜ਼ ਕਾਰੋਬਾਰ ਇੱਕ ਵੱਡੇ ਉਦਯੋਗ ਦਾ ਰੂਪ ਧਾਰਨ ਕਰ ਚੁੱਕਾ ਹੈ | ਇਸ ਧੰਦੇ ‘ਚ ਲੱਗੇ ਮਾਫ਼ੀਆ ਗਰੋਹ ਏਨੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਉਹ ਪ੍ਰਸ਼ਾਸਨ ਨੂੰ ਵੀ ਚੁਣੌਤੀ ਦੇਣ ਲੱਗ ਪਏ ਹਨ |
ਪਿਛਲੇ ਦਿਨੀਂ ਹਰਿਆਣਾ ਦੇ ਨੂੰ ਹ ਵਿੱਚ ਨਜਾਇਜ਼ ਖੁਦਾਈ ਰੋਕਣ ਗਏ ਡੀ ਐੱਸ ਪੀ ਸੁਰੇਂਦਰ ਸਿੰਘ ਨੂੰ ਖੁਦਾਈ ਮਾਫ਼ੀਆ ਦੇ ਬਦਮਾਸ਼ਾਂ ਨੇ ਡੰਪਰ ਹੇਠ ਦਰੜ ਕੇ ਮਾਰ ਦਿੱਤਾ ਸੀ | ਇਸ ਤੋਂ ਪਹਿਲਾਂ ਵੀ ਖੁਦਾਈ ਮਾਫ਼ੀਏ ਦੇ ਬੰਦੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਹਮਲੇ ਕਰਦੇ ਰਹੇ ਸਨ | ਇਸੇ ਕਾਰਨ ਹੀ ਇਸ ਚੁਣੌਤੀ ਦੇ ਮੁਕਾਬਲੇ ਲਈ ਹਰਿਆਣਾ ਸਰਕਾਰ ਨੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਸੀ, ਜਿਸ ਵਿੱਚ ਜੰਗਲਾਤ ਮਹਿਕਮੇ ਤੇ ਪੁਲਸ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ | ਡੀ ਐੱਸ ਪੀ ਸੁਰੇਂਦਰ ਸਿੰਘ ਇਸੇ ਟਾਸਕ ਫੋਰਸ ਦਾ ਹਿੱਸਾ ਸਨ |
ਇਸ ਟਾਸਕ ਫੋਰਸ ਦਾ ਕੰਮ ਅਰਾਵਲੀ ਪਹਾੜੀਆਂ ਦੇ ਬੈਨ ਖੇਤਰ ਵਿੱਚ ਹੁੰਦੀ ਨਜਾਇਜ਼ ਖੁਦਾਈ ਉੱਤੇ ਰੋਕ ਲਾਉਣਾ ਹੈ | ਇਸ ਕੰਮ ਲਈ ਟਾਸਕ ਫੋਰਸ ਨੂੰ ਅਰਾਵਲੀ ਦੇ ਖੇਤਰ ਵਿੱਚ ਹਫ਼ਤੇ ਵਿੱਚ ਦੋ ਦਿਨ ਗਸ਼ਤ ਕਰਨੀ ਹੁੰਦੀ ਹੈ | ਜ਼ਿਕਰਯੋਗ ਹੈ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਪੂਰੇ ਹਰਿਆਣਾ ਵਿੱਚ 1 ਜੁਲਾਈ ਤੋਂ 15 ਸਤੰਬਰ ਤੱਕ ਹਰ ਕਿਸਮ ਦੀ ਖੁਦਾਈ ਉੱਤੇ ਰੋਕ ਲਾਈ ਹੋਈ ਹੈ | ਇਸ ਦੇ ਬਾਵਜੂਦ ਰੇਤ ਤੇ ਬੱਜਰੀ ਦੀ ਖੁਦਾਈ ਦਾ ਕੰਮ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ | ਖੁਦਾਈ ਮਾਫ਼ੀਆ ਰਾਤ ਨੂੰ ਖੁਦਾਈ ਕਰਦਾ ਹੈ ਤੇ ਦਿਨੇ ਇਸ ਦੀ ਸਪਲਾਈ ਕੀਤੀ ਜਾਂਦੀ ਹੈ |
ਹਰਿਆਣਾ ਵਿੱਚ ਨਜਾਇਜ਼ ਖੁਦਾਈ ਦਾ ਕਾਰੋਬਾਰ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਪਿਛਲੇ ਤਿੰਨ ਸਾਲਾਂ ਦੌਰਾਨ ਵਸੂਲੇ ਗਏ ਜੁਰਮਾਨੇ ਤੇ ਜ਼ਬਤ ਕੀਤੇ ਗਏ ਵਾਹਨਾਂ ਤੋਂ ਸਹਿਜੇ ਲਾਇਆ ਜਾ ਸਕਦਾ ਹੈ | ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਵਿੱਚ ਸੂਬੇ ਅੰਦਰ 2020 ਵਾਹਨ ਫੜੇ ਗਏ, ਜਿਨ੍ਹਾਂ ਉੱਤੇ 21.65 ਕਰੋੜ ਦਾ ਜੁਰਮਾਨਾ ਲੱਗਿਆ ਤੇ 211 ਕੇਸ ਦਰਜ ਕੀਤੇ ਗਏ ਸਨ | ਅਗਲੇ ਸਾਲ 2021 ਵਿੱਚ 3515 ਵਾਹਨ ਫੜੇ ਗਏ, ਜਿਨ੍ਹਾਂ ਉੱਤੇ 82.77 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ | ਚਾਲੂ ਸਾਲ 2022 ਦੌਰਾਨ ਹੁਣ ਤੱਕ 2192 ਵਾਹੜ ਫੜੇ ਗਏ ਹਨ ਤੇ ਇਨ੍ਹਾਂ ਉੱਤੇ 29 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ | ਇਸ ਤੋਂ ਇਲਾਵਾ ਨਜਾਇਜ਼ ਖੁਦਾਈ ਲਈ 977 ਕੇਸ ਦਰਜ ਕੀਤੇ ਗਏ ਹਨ | ਇਕੱਲੇ ਨੂੰ ਹ ਵਿੱਚ ਹੀ ਇਸ ਸਾਲ ਹੁਣ ਤੱਕ 68 ਵਾਹਨ ਜ਼ਬਤ ਕੀਤੇ ਗਏ, 23 ਕੇਸ ਦਰਜ ਹੋਏ ਤੇ 4 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ |
ਹਰਿਆਣਾ ਦੇ ਲੱਗਭੱਗ 11 ਜ਼ਿਲਿ੍ਹਆਂ ਵਿੱਚ ਨਜਾਇਜ਼ ਖੁਦਾਈ ਦਾ ਕਾਰੋਬਾਰ ਧੜੱਲੇ ਨਾਲ ਹੁੰਦਾ ਹੈ | ਪੰਚਕੂਲਾ ਵਿੱਚ ਘੱਗਰ ਤੇ ਟਾਂਗਰੀ ਨਦੀ, ਯਮੁਨਾ ਨਗਰ, ਕਰਨਾਲ, ਪਾਨੀਪਤ ਤੇ ਸੋਨੀਪਤ ਵਿੱਚ ਯਮੁਨਾ ਨਦੀ ਵਿੱਚੋਂ ਰੇਤ ਦੀ ਖੁਦਾਈ ਹੁੰਦੀ ਹੈ | ਇਸੇ ਤਰ੍ਹਾਂ ਗੁਰੂਗਰਾਮ, ਫਰੀਦਾਬਾਦ, ਪਲਵਲ, ਨੂੰ ਹ, ਭਿਵਾਨੀ ਤੇ ਮਹੇਂਦਰਗੜ੍ਹ ਖੇਤਰਾਂ ਵਿੱਚ ਪਹਾੜੀਆਂ ਉੱਤੋਂ ਪੱਥਰ ਦੀ ਖੁਦਾਈ ਕਰਕੇ ਬੱਜਰੀ ਬਣਾਈ ਜਾਂਦੀ ਹੈ | ਐੱਨ ਜੀ ਟੀ ਵੱਲੋਂ ਬੈਨ ਲਾਏ ਜਾਣ ਦੇ ਬਾਵਜੂਦ ਨਜਾਇਜ਼ ਖੁਦਾਈ ਜਾਰੀ ਹੈ | ਸਵਾਲ ਪੈਦਾ ਹੁੰਦਾ ਹੈ ਕਿ ਪੰਚਕੂਲਾ, ਕਰਨਾਲ, ਯਮੁਨਾਨਗਰ ਤੇ ਗੁਰੂਗ੍ਰਾਮ ਆਦਿ ਵਰਗੇ ਪ੍ਰਸ਼ਾਸਨਿਕ ਸ਼ਹਿਰਾਂ ਦੀ ਨੱਕ ਹੇਠ ਹੁੰਦੇ ਇਸ ਨਜਾਇਜ਼ ਕਾਰੋਬਾਰ ਨੂੰ ਸਰਕਾਰ ਰੋਕਣ ਵਿੱਚ ਨਾਕਾਮ ਕਿਉਂ ਹੈ | ਇਸ ਦਾ ਇੱਕੋ ਜਵਾਬ ਹੈ ਕਿ ਚੋਰ ਤੇ ਕੁੱਤੀ ਰਲੇ ਹੋਏ ਹਨ | ਇਸ ਕਾਲੇ ਧੰਦੇ ਵਿਚਲੇ ਮੁਨਾਫ਼ੇ ਦਾ ਵੱਡਾ ਹਿੱਸਾ ਮੰਤਰੀਆਂ ਤੇ ਸੰਤਰੀਆਂ ਦੀਆਂ ਜੇਬਾਂ ਵਿੱਚ ਵੀ ਜਾਂਦਾ ਹੈ | ਇਹੋ ਕਾਰਨ ਹੈ ਕਿ ਜਿਹੜੀਆਂ ਕਾਰਵਾਈਆਂ ਹੁੰਦੀਆਂ ਹਨ, ਉਹ ਦਿਖਾਵੇ ਮਾਤਰ ਲਈ ਹੁੰਦੀਆਂ ਹਨ, ਨਜਾਇਜ਼ ਕਾਰੋਬਾਰ ਬਿਨਾਂ ਰੋਕ ਦੇ ਚਲਦਾ ਰਹਿੰਦਾ ਹੈ | ਇਹੋ ਹਾਲ ਰਾਜਸਥਾਨ ਵਿੱਚ ਹੈ, ਇਹੋ ਯੂ ਪੀ ਵਿੱਚ ਤੇ ਇਹੋ ਪੰਜਾਬ ਵਿੱਚ |