25.8 C
Jalandhar
Monday, September 16, 2024
spot_img

ਪੰਜਾਬ ਛੇਤੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ : ਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)-ਖ਼ਤਰਨਾਕ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇਣ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਕਿਹਾ ਕਿ ਸੂਬੇ ਨੂੰ ਜਲਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਵਾਇਆ ਜਾਵੇਗਾ | ਲੋਕਾਂ ਦੇ ਨਾਂਅ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ—ਇਹ ਸੂਬੇ ਦੇ ਲੋਕਾਂ ਨੂੰ ਮੇਰੀ ਗਰੰਟੀ ਹੈ ਕਿ ਕਿਸੇ ਨੂੰ ਵੀ ਸੂਬੇ ਦੀ ਮੁਸ਼ਕਲ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਰਕਰਾਰ ਰੱਖਣ ਲਈ ਹਰੇਕ ਕਦਮ ਚੁੱਕਿਆ ਜਾਵੇਗਾ |
ਡੀ ਜੀ ਪੀ ਗੌਰਵ ਯਾਦਵ ਤੇ ਹੋਰ ਅਧਿਕਾਰੀਆਂ ਨਾਲ ਆਪਣੀ ਸਰਕਾਰੀ ਰਿਹਾਇਸ਼ ਉਤੇ ਵੀਰਵਾਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਇਨ੍ਹਾਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੀ ਪਿਛਲੀਆਂ ਸਰਕਾਰਾਂ ਦੌਰਾਨ ਸੱਤਾ ਵਿੱਚ ਰਹੇ ਆਗੂਆਂ ਨੇ ਪੁਸ਼ਤਪਨਾਹੀ ਕੀਤੀ ਸੀ | ਅਕਾਲੀਆਂ ਤੇ ਕਾਂਗਰਸੀਆਂ ਦੀ ਪਨਾਹ ਵਿੱਚ ਗੈਂਗਸਟਰਾਂ ਨੇ ਸੂਬੇ ਭਰ ਵਿੱਚ ਸ਼ਰੇਆਮ ਆਪਣੀਆਂ ਗਤੀਵਿਧੀਆਂ ਚਲਾਈਆਂ, ਕਿਉਂਕਿ ਇਹ ਆਗੂ ਆਪਣੇ ਸਿਆਸੀ ਸਵਾਰਥਾਂ ਲਈ ਇਨ੍ਹਾਂ ਨੂੰ ਵਰਤਦੇ ਸਨ | ਮਾਨ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਉਨ੍ਹਾ ਦੀ ਸਰਕਾਰ ਦੀ ਪਹਿਲੀ ਤਰਜੀਹ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਨਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸਾਰੇ ਗੈਂਗਸਟਰ ਸਲਾਖਾਂ ਪਿੱਛੇ ਹੋਣਗੇ |
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਦੀ ਬੁੱਧਵਾਰ ਦੀ ਕਾਰਵਾਈ ਸੂਬਾ ਸਰਕਾਰ ਦੀ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਦੇ ਅਨੁਸਾਰ ਹੈ | ਉਨ੍ਹਾ ਕਿਹਾ ਕਿ ਇਹ ਗੈਂਗਸਟਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ ਅਤੇ ਕਤਲ ਤੋਂ ਬਾਅਦ ਫ਼ਰਾਰ ਸਨ | ਉਹਨਾ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਨ੍ਹਾਂ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਸੀ ਅਤੇ ਪਤਾ ਲਾਇਆ ਸੀ ਕਿ ਉਹ ਅੰਮਿ੍ਤਸਰ ਵਿਖੇ ਸਰਹੱਦ ਨੇੜੇ ਇਕ ਇਮਾਰਤ ਵਿੱਚ ਲੁਕੇ ਹੋਏ ਹਨ |
ਉਹਨਾ ਕਿਹਾ ਕਿ ਪੰਜਾਬ ਪੁਲਸ ਨੇ ਮਿਸਾਲੀ ਹੌਸਲੇ ਦਾ ਮੁਜ਼ਾਹਰਾ ਕਰਦਿਆਂ ਬੇਹੱਦ ਪੇਸ਼ੇਵਰ ਢੰਗ ਨਾਲ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸ ਸਾਹਸੀ ਕਾਰਵਾਈ ਲਈ ਸਾਰਾ ਸੂਬਾ ਇਨ੍ਹਾਂ ਜਵਾਨਾਂ ਦਾ ਕਰਜ਼ਦਾਰ ਹੈ | ਪੰਜਾਬ ਪੁਲਸ ਨੇ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਲਈ ਸਮਾਜ ਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਸਿੱਧੀ ਟੱਕਰ ਲੈਣ ਦੀ ਆਪਣੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਿਆ ਹੈ | ਉਨ੍ਹਾ ਕਿਹਾ ਕਿ ਕਿਸੇ ਵੀ ਗੈਂਗਸਟਰ, ਨਸ਼ਾ ਤਸਕਰ ਜਾਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸੂਬੇ ਦੀ ਕਰੜੀ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਕਾਰੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕਿਆ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਦੀ ਇਸ ਕਾਰਵਾਈ ਨਾਲ ਹਰੇਕ ਪੰਜਾਬੀ ਇਨ੍ਹਾਂ ਬਹਾਦਰਾਂ ਉਤੇ ਮਾਣ ਮਹਿਸੂਸ ਕਰ ਰਿਹਾ ਹੈ, ਜਿਹੜੇ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਜੁਟੇ ਰਹਿੰਦੇ ਹਨ |
ਉਨ੍ਹਾ ਦੁਹਰਾਇਆ ਕਿ ਸੂਬਾ ਸਰਕਾਰ ਸੂਬੇ ਵਿੱਚ ਕਿਸੇ ਵੀ ਕੀਮਤ ਉਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਹਨਾ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਾਰਜ ਕੁਸ਼ਲ ਤੇ ਜ਼ਿੰਮੇਵਾਰ ਪੁਲਸ ਢਾਂਚੇ ਰਾਹੀਂ ਹਰੇਕ ਵਿਅਕਤੀ ਦੇ ਜਾਨ ਤੇ ਮਾਲ ਦੀ ਰਾਖੀ ਯਕੀਨੀ ਬਣਾਏਗੀ | ਇਸ ਮੌਕੇ ਡੀ ਜੀ ਪੀ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ ਇਸ ਸਮੁੱਚੀ ਕਾਰਵਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ |

Related Articles

LEAVE A REPLY

Please enter your comment!
Please enter your name here

Latest Articles