ਜਲੰਧਰ ਸੀਟ ਕਿਸੇ ਵੀ ਕੀਮਤ ’ਤੇ ਜਿੱਤਾਂਗੇ : ਮਾਨ

0
256

ਜਲੰਧਰ (ਸ਼ੈਲੀ ਐਲਬਰਟ)-‘ਆਪ’ ਜਲੰਧਰ ਦੀ ਆਪਣੀ ਜਿੱਤੀ ਹੋਈ ਸੀਟ ਕਿਸੇ ਵੀ ਕੀਮਤ ’ਤੇ ਵਾਪਸ ਜਿੱਤਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ’ਚ ਪਾਰਟੀ ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਚੋਣ ਰਣਨੀਤੀ ’ਤੇ ਚਰਚਾ ਕੀਤੀ।
ਮੀਟਿੰਗ ਦੌਰਾਨ ਮਾਨ ਨੇ ਪਾਰਟੀ ਵਿਧਾਇਕਾਂ, ਆਗੂਆਂ ਅਤੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ‘ਆਪ’ ਸਰਕਾਰ ਦੇ ਦੋ ਸਾਲਾਂ ਦੇ ਲੋਕ ਪੱਖੀ ਕੰਮਾਂ ਅਤੇ ਫੈਸਲਿਆਂ ਬਾਰੇ ਲੋਕਾਂ ਨੂੰ ਦੱਸਣ ਅਤੇ ਉਨ੍ਹਾਂ ਦਾ ਜ਼ੋਰਦਾਰ ਪ੍ਰਚਾਰ ਕਰਨ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਏਨਾ ਕੰਮ ਕੀਤਾ ਹੈ, ਜੋ ਪਿਛਲੀਆਂ ਸਰਕਾਰਾਂ ਨੇ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਕੀਤਾ, ਇਸ ਲਈ ਸਾਨੂੰ ਆਪਣੇ ਕੰਮ ਨੂੰ ਫੈਲਾਉਣ ਦੀ ਲੋੜ ਹੈ। ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਹੁੰਦਾ ਸੀ, ਹੁਣ ਜਲੰਧਰ ਵੀ ਸੰਗਰੂਰ ਨਾਲ ਜੁੜ ਗਿਆ ਹੈ। ਹੁਣ ਦੋਵੇਂ ਸੀਟਾਂ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਸਾਡਾ ਦੋਵਾਂ ’ਤੇ ਖਾਸ ਧਿਆਨ ਹੈ ਅਤੇ ਅਸੀਂ ਇਸ ਨੂੰ ਕਿਸੇ ਵੀ ਕੀਮਤ ’ਤੇ ਜਿੱਤਣਾ ਹੈ। ਸਾਡੀ ਪਹਿਲੀ ਤਰਜੀਹ ਜਲੰਧਰ ਸੀਟ ਨੂੰ ਕਿਸੇ ਵੀ ਕੀਮਤ ’ਤੇ ਜਿੱਤਣਾ ਹੈ। ‘ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ’ਤੇ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ’ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਜਨਤਾ ਧੋਖਾ ਦੇਣ ਵਾਲੇ ਨੂੰ ਚੋਣਾਂ ਵਿਚ ਜਵਾਬ ਦੇਵੇਗੀ। ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਸਾਂਸਦ ਬਣਾਇਆ ਸੀ ਅਤੇ ਮਾਨਤਾ ਦਿੱਤੀ ਸੀ, ਪਰ ਉਸ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਸ ਦਾ ਕੋਈ ਨਿੱਜੀ ਜਨਆਧਾਰ ਨਹੀਂ ਹੈ।

LEAVE A REPLY

Please enter your comment!
Please enter your name here