ਬੰਗਾ (ਅਵਤਾਰ ਕਲੇਰ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਵਿਰੋਧ ’ਚ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਈ ਹੋਰ ‘ਆਪ’ ਆਗੂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ’ਚ ਸਮੂਹਿਕ ਭੁੱਖ ਹੜਤਾਲ ’ਤੇ ਬੈਠੇ। ਪਾਰਟੀ ਦੇ ਮੁੱਖ ਆਗੂਆਂ ਇਕ ਦਿਨ ਲਈ ਕਈ ਸੂਬਿਆਂ ’ਚ ਸਮੂਹਕ ਵਰਤ ਰੱਖਿਆ। ਪਾਰਟੀ ਆਗੂਆਂ ਨੇ ਕਿਹਾ ਕਿ ਹੋਰ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਭਾਰਤੀ ਨਾਗਰਿਕਾਂ ਨੇ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚੋਂ ਬੋਸਟਨ ’ਚ ਹਾਰਵਰਡ ਸਕੁਐਰ, ਲਾਸ ਏਂਜਲਸ ’ਚ ਹੌਲੀਵੁੱਡ ਸਾਈਨ, ਵਾਸ਼ਿੰਗਟਨ ’ਚ ਭਾਰਤੀ ਦੂਤਾਵਾਸ ਦੇ ਬਾਹਰ, ਨਿਊਯਾਰਕ ਟਾਈਮਜ਼ ਸਕੁਐਰ ਅਤੇ ਟੋਰੰਟੋ, ਲੰਡਨ ਤੇ ਮੈਲਬੋਰਨ ਸਣੇ ਕਈ ਸਥਾਨ ਸ਼ਾਮਲ ਹਨ। ਦਿੱਲੀ ’ਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ, ਮੀਤ ਪ੍ਰਧਾਨ ਰਾਖੀ ਬਿਡਲਾਨ, ਮੰਤਰੀ ਆਤਿਸ਼ੀ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਸਣੇ ‘ਆਪ’ ਦੇ ਕਈ ਸੀਨੀਅਰ ਆਗੂ ਸਵੇਰੇ 11 ਵਜੇ ਜੰਤਰ-ਮੰਤਰ ’ਤੇ ਸਮੂਹਕ ਭੁੱਖ ਹੜਤਾਲ ’ਤੇ ਬੈਠੇ।





