ਨਿਕੋਲ ਰੰਗਾਨਾਥ ਨੇ ‘ਨਵਾਂ ਜ਼ਮਾਨਾ’ ਤੇ ਦੇਸ਼ ਭਗਤ ਯਾਦਗਾਰ ਹਾਲ ਦਾ ਲਾਇਆ ਗੇੜਾ

0
281

ਜਲੰਧਰ (ਗਿਆਨ ਸੈਦਪੁਰੀ)
ਪਿਛਲੇ ਦਿਨੀ ਡਾਕਟਰ ਨਿਕੋਲ ਰੰਗਾਨਾਥ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਆਫ ਕੈਲੇਫੋਰਨੀਆ ਡੇਵਿਸ (ਯੂ ਐੱਸ ਏ) ਜਲੰਧਰ ਆਏ। ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਇਸੇ ਯੂਨੀਵਰਸਿਟੀ ਦੀ ਪੰਜਾਬੀ ਕਲੱਬ ਦੀ ਸੰਸਥਾਪਕ ਪ੍ਰਧਾਨ ਅਮਨਦੀਪ ਕੌਰ ਧਾਲੀਵਾਲ ਅਤੇ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਹੀ ਖੋਜਕਰਤਾ ਨਵਕਿਰਨ ਨੱਤ ਵੀ ਉਨ੍ਹਾਂ ਦੇ ਨਾਲ ਸਨ। ਇਹ ਤਿੰਨੋਂ ਗਦਰੀ ਬਾਬਿਆਂ ਬਾਰੇ ਭਰਪੂਰ ਜਾਣਕਾਰੀ ਲੈਣ ਆਈਆਂ ਸਨ। ਉਨ੍ਹਾਂ ਦੀ ਇਸ ਫੇਰੀ ਦਾ ਮਹੱਤਵਪੂਰਨ ਉਦੇਸ਼ ਸੀ। ਉਨ੍ਹਾਂ ਦਾ ਮੰਤਵ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਵਿਦਿਆਰਥੀਆਂ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਆ ਕੇ ਗਦਰ ਲਹਿਰ ਅਤੇ ਗਦਰੀ ਬਾਬਿਆਂ ’ਤੇ ਖੋਜ ਦਾ ਕੰਮ ਕਰ ਸਕਣ ਦੀਆਂ ਭਵਿੱਖੀ ਸੰਭਾਵਨਾਵਾਂ ਨੂੰ ਤਲਾਸ਼ਣਾ ਸੀ, ਤਾਂ ਕਿ ਪੰਜਾਬੀਆਂ ਦੀ ਪੰਜਾਬੋਂ ਦੂਰ ਰਹਿੰਦੀ ਅਗਲੀ ਪੀੜ੍ਹੀ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਉਸ ਤੋਂ ਪ੍ਰੇਰਤ ਹੋ ਸਕੇ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੁਰਮੀਤ ਹੁਰਾਂ ਅਮਰੀਕਾ ਦੀ ਨੇਕ ਔਰਤ ਡਾ. ਨਿਕੋਲ ਰੰਗਾਨਾਥ, ਪੰਜਾਬੀ ਮੂਲ ਦੀ ਕੈਲੇਫੋਰਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਧਾਲੀਵਾਲ ਅਤੇ ਦਿੱਲੀ ਰਹਿੰਦੀ ਪੰਜਾਬ ਦੀ ਧੀ ਨਵਕਿਰਨ ਨੂੰ ਨਾਲ ਲੈ ਕੇ ਗਦਰੀ ਬਾਬਿਆਂ ਦੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਸਮਰੱਥਾ ਅਨੁਸਾਰ ਪਰ ਪੂਰੀ ਸ਼ਿੱਦਤ ਨਾਲ ਸਮਰਪਿਤ ‘ਨਵਾਂ ਜ਼ਮਾਨਾ’ ਲਿਆਏ। ਇੱਥੇ ਗੁਰਮੀਤ ਹੁਰਾਂ ‘ਨਵਾਂ ਜ਼ਮਾਨਾ’ ਦੇ ਛਾਪੇਖਾਨੇ ਤੋਂ ਲੈ ਕੇ ਸਾਹਿਤ ਅਤੇ ਕਿਰਤੀ ਲੋਕਾਂ ਦੇ ਹੱਕ ਵਿੱਚ ਖੜਨ ਅਤੇ ਪੰਜਾਬ ਦੇ ਕਾਲੇ ਦੌਰ ਵਿੱਚ ਨਿਭਾਈ ਦਲੇਰ ਭੂਮਿਕਾ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਗਦਰੀ ਬਾਬਿਆਂ ਦੀ ਵਿਰਾਸਤ, ਇਤਿਹਾਸ ਅਤੇ ਕੁਰਬਾਨੀਆਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਇਹ ਸਾਰੇ ਦੇਸ਼ ਭਗਤ ਯਾਦਗਾਰ ਹਾਲ ਪਹੁੰਚੇ। ਇੱਥੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਭੈਣ ਸੁਰਿੰਦਰ ਕੁਮਾਰੀ ਕੋਛੜ ਵੀ ਇਨ੍ਹਾਂ ਵਿੱਚ ਸ਼ਾਮਲ ਹੋ ਗਏ। ਇਸੇ ਦੌਰਾਨ ਡਾ. ਨਿਕੋਲ ਰੰਗਾਨਾਥ ਨੇ ਦੱਸਿਆ ਕਿ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਗਦਰੀ ਬਾਬਿਆ ਦਾ ਇਤਿਹਾਸ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾ ਰਿਹਾ ਹੈ। ਕਾਮਰੇਡ ਗੁਰਮੀਤ ਨੇ ਗਦਰੀ ਬਾਬਿਆਂ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਉਚੇਚੇ ਤੌਰ ’ਤੇ ਆਏ ਇਸ ਵਫ਼ਦ ਨੂੰ ਇਸ ਯਾਦਗਾਰ ਦੀ ਉਸਾਰੀ ਲਈ ਰਾਏ ਬਹਾਦਰ ਬਦਰੀ ਨਾਥ ਪਾਸੋਂ ਤਿੰਨ ਏਕੜ ਖਰੀਦੀ ਗਈ ਜ਼ਮੀਨ ਦੀ ਜਾਣਕਾਰੀ ਤੋਂ ਲੈ ਕੇ ਇੱਥੇ ਹਰ ਸਾਲ ਕਰਵਾਏ ਜਾਂਦੇ ‘ਮੇਲਾ ਗਦਰੀ ਬਾਬਿਆਂ ਦਾ’ ਅਤੇ ਇੱਥੇ ਅਗਵਾਈ ਕਰਦੇ ਰਹੇ ਆਖ਼ਰੀ ਗਦਰੀ ਬਾਬੇ ਬਾਬਾ ਭਗਤ ਸਿੰਘ ਬਿਲਗਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਫੋਟੋ ਗੈਲਰੀ ਦਾ ਗੇੜਾ ਕਢਵਾਉਦਿਆਂ ਗਦਰੀ ਬਾਬਿਆਂ ਦੇ ਇਤਿਹਾਸ ’ਤੇ ਪੰਛੀ ਝਾਤ ਪਵਾਈ। ਡਾ. ਨਿਕੋਲ ਰੰਗਾਨਾਥ ਨੇ ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਦੀਆਂ ਅਸਥੀਆਂ ਅਤੇ ਗਦਰੀਆਂ ਵੱਲੋਂ ਲੁੱਟੀ ਗਈ ਤਿਜੌਰੀ ਬਾਰੇ ਬੜੇ ਗੁਹ ਨਾਲ ਜਾਣਕਾਰੀ ਪ੍ਰਾਪਤ ਕੀਤੀ। ਹਾਲ ਵਿੱਚ ਨਵੇਂ ਬਣੇ ਆਡੀਟੋਰੀਅਮ ਵਿੱਚ ਦਸਤਾਵੇਜ਼ੀ ਫਿਲਮ ‘ਸਫਰਨਾਮਾ’ ਵਿਖਾਈ ਗਈ। ਇਸ ਫ਼ਿਲਮ ਵਿੱਚ ਕਾਮਰੇਡ ਗੁਰਮੀਤ, ਦੇਸ਼ ਚਰੰਜੀ ਲਾਲ ਕੰਗਣੀਵਾਲ, ਕਾਮਰੇਡ ਨੌਨਿਹਾਲ ਸਿੰਘ, ਬਾਬਾ ਬਿਲਗਾ ਅਤੇ ਹਰਵਿੰਦਰ ਭੰਡਾਲ ਵੱਲੋਂ ਦਿਲਚਸਪ ਜਾਣਕਾਰੀਆਂ ਬਿਆਨ ਕੀਤੀਆਂ ਗਈਆਂ ਹਨ।ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਡਾ. ਨਿਕੋਲ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਭਗਤ ਯਾਦਗਾਰੀ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਦੇਸ ਰਾਜ ਜਾਫਰਵਾਲ, ਰਣਜੀਤ ਸਿੰਘ ਔਲ਼ਖ ਤੇ ਪਰਮਜੀਤ ਸਿੰਘ ਕਲਸੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here