ਪਟਨਾ : ਰਾਜਦ ਆਗੂ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪੋਜ਼ੀਸ਼ਨ ਪਾਰਟੀਆਂ ਨੂੰ ਸਨਾਤਨ ਧਰਮ ਵਿਰੋਧੀ ਗਰਦਾਨ ਕੇ ਭਾਜਪਾ ਨੂੰ ਰੱਬ ਦੇ ਬਰਾਬਰ ਤੋਲ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਸਵੀ ਨੇ ਕਿਹਾ ਕਿ ਲੋਕਾਂ ਵਿਚਲੀ ਉਪਰਾਮਤਾ ਤੇ ਇਸ ਦੇ ਲੋਕ ਸਭਾ ਚੋਣਾਂ ’ਤੇ ਅਸਰ ਨੇ ਪ੍ਰਧਾਨ ਮੰਤਰੀ ਨੂੰ ਡਰਾ ਦਿੱਤਾ ਹੈ, ਇਸੇ ਕਰਕੇ ਉਹ ਜਿੱਤ ਦੀ ਭਵਿੱਖਬਾਣੀ ਕਰਨ ਦੇ ਬਾਅਦ ਵੀ ਗੇੜੇ ’ਤੇ ਗੇੜੇ ਮਾਰ ਰਹੇ ਹਨ।
ਉਨ੍ਹਾ ਕਿਹਾਪ੍ਰਧਾਨ ਮੰਤਰੀ ਨੂੰ ਨਵਾਦਾ ਜ਼ਿਲ੍ਹੇ ਦੀ ਰੈਲੀ ਵਿਚ ਕਾਂਗਰਸ ਤੇ ਇਸ ਦੇ ਇਤਿਹਾਦੀਆਂ ਨੂੰ ਸਨਾਤਨ ਧਰਮ ਵਿਰੋਧੀ ਕਰਾਰ ਦੇਣਾ ਸ਼ੋਭਾ ਨਹੀਂ ਦਿੰਦਾ। ਸਭ ਜਾਣਦੇ ਹਨ ਕਿ ਮੇਰੇ ਘਰ ਛੋਟਾ ਮੰਦਰ ਹੈ, ਜਿੱਥੇ ਮੇਰੇ ਪਰਵਾਰ ਦੇ ਸਭ ਲੋਕ ਪੂਜਾ ਕਰਦੇ ਹਨ, ਪਰ ਇਹ ਸ਼ੋਅ ਕਰਨ ਵਾਲੀ ਗੱਲ ਨਹੀਂ। ਮੈਂ ਹੈਰਾਨ ਹਾਂ, ਜਿਹੜਾ ਭਾਜਪਾ ਦਾ ਵਿਰੋਧ ਕਰਦਾ ਹੈ, ਪ੍ਰਧਾਨ ਮੰਤਰੀ ਉਸ ਨੂੰ ਧਰਮ ਵਿਰੋਧੀ ਗਰਦਾਨ ਦਿੰਦੇ ਹਨ। ਤੇਜਸਵੀ ਨੇ ਕਿਹਾ ਕਿ ਨਵਾਦਾ ਰੈਲੀ ਤੋਂ ਪਹਿਲਾਂ ਉਨ੍ਹਾ ਪ੍ਰਧਾਨ ਮੰਤਰੀ ਨੂੰ ਸਵਾਲ ਕੀਤੇ ਸਨ ਕਿ ਉਹ ਭਾਜਪਾ ਦੇ ਭਿ੍ਰਸ਼ਟਾਚਾਰ ਨੂੰ ਲੁਕਾਉਣ ਲਈ ਹਮੇਸ਼ਾ ਆਪੋਜ਼ੀਸ਼ਨ ਤੇ ਆਪੋਜ਼ੀਸ਼ਨ ਦੇ ਆਗੂਆਂ ਨੂੰ ਹੀ ਭਿ੍ਰਸ਼ਟਾਚਾਰੀ ਤੇ ਘੁਟਾਲੇਬਾਜ਼ ਕਿਉ ਦੱਸਦੇ ਰਹਿੰਦੇ ਹਨ? ਪ੍ਰਧਾਨ ਮੰਤਰੀ ਦੱਸਣ ਕਿ ਕਿਵੇਂ ਆਪੋਜ਼ੀਸ਼ਨ ਦੇ ਸਾਰੇ ਕਥਿਤ ਭਿ੍ਰਸ਼ਟ ਆਗੂਆਂ ਨੇ ਸੀ ਬੀ ਆਈ, ਈ ਡੀ ਤੇ ਇਨਕਮ ਟੈਕਸ ਵਿਭਾਗ ਦੀ ਮਦਦ ਨਾਲ ਭਾਜਪਾ ਜੁਆਇਨ ਕੀਤੀ? ਪ੍ਰਧਾਨ ਮੰਤਰੀ ਦੱਸਣਗੇ ਕਿ ਕਿਵੇਂ ਤੇ ਕਿਉ ਕਥਿਤ ਭਿ੍ਰਸ਼ਟਾਚਾਰੀ ਕਮਲ ਛਾਪ ਸਾਬਣ ਨਾਲ ਨਹਾਉਣ ਤੇ ਨਾਰੰਗੀ ਵਾਸ਼ਿੰਗ ਮਸ਼ੀਨ ਵਿਚ ਧੁਲਣ ਦੇ ਬਾਅਦ ਬੇਈਮਾਨ, ਭਿ੍ਰਸ਼ਟ ਤੇ ਨਕਾਰੇ ਤੋਂ ਇਮਾਨਦਾਰ ਤੇ ਸੁਯੋਗ ਬਣ ਕੇ ਸਾਰੇ ਕੇਸਾਂ ਤੋਂ ਬਰੀ ਹੋ ਜਾਂਦੇ ਹਨ? ਪ੍ਰਧਾਨ ਮੰਤਰੀ ਦੱਸਣ ਕਿ ਜਾਂਚ ਏਜੰਸੀਆਂ ਦੇ ਛਾਪਿਆਂ ਤੋਂ ਬਾਅਦ ਇਲੈਕਟੋਰਲ ਬਾਂਡ ਰਾਹੀਂ ਕਿਵੇਂ ਤੇ ਕਿਉ ਵੱਡੀਆਂ ਕੰਪਨੀਆਂ ਹਜ਼ਾਰਾਂ ਕਰੋੜ ਰੁਪਏ ਭਾਜਪਾ ਦੇ ਖਾਤੇ ਵਿਚ ਪਾਉਦੀਆਂ ਹਨ? ਪ੍ਰਧਾਨ ਮੰਤਰੀ ਦੱਸਣ ਕਿ ਭਾਜਪਾ ਨੇ ਦੇਸ਼ ਵਿਚ ਸਭ ਤੋਂ ਵੱਧ ਪਰਵਾਰਵਾਦੀ ਆਗੂਆਂ ਨੂੰ ਟਿਕਟਾਂ ਕਿਉ ਦਿੱਤੀਆਂ?
ਤੇਜਸਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਵਾਦਾ ਦੀ ਰੈਲੀ ਵਿਚ ਇਨ੍ਹਾਂ ਵਿੱਚੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾ ਅੱਗੇ ਕਿਹਾਮੈਨੂੰ ਖੁਸ਼ੀ ਹੈ ਕਿ ਜਦੋਂ ਤੋਂ ਮੈਂ ਭਾਜਪਾ ਦੀ ਅਗਵਾਈ ਵਾਲੀ ਕੁਲੀਸ਼ਨ ਵਿਚ ਸਿਆਸੀ ਪਰਵਾਰਵਾਦੀਆਂ ਦਾ ਮੁੱਦਾ ਚੁੱਕਣਾ ਸ਼ੁਰੂ ਕੀਤਾ ਹੈ, ਪ੍ਰਧਾਨ ਮੰਤਰੀ ਨੇ ਪਰਵਾਰਵਾਦ ਖਿਲਾਫ ਰਾਗ ਅਲਾਪਣਾ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਬਿਹਾਰ ਵਿਚ ਜਿਸ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕੀਤਾ, ਉਹ ਸਿਆਸੀ ਪਰਵਾਰ ਵਿੱਚੋਂ ਹੀ ਹੈ।
ਤੇਜਸਵੀ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਦੀ ਵੀ ਖਿੱਲੀ ਉਡਾਈ ਕਿ ਉਹ ਜਿੱਤ ਬਾਰੇ ਆਸਵੰਦ ਹੋਣ ਦੇ ਬਾਵਜੂਦ ਰੈਲੀਆਂ ਵਿਚ ਲੋਕਾਂ ਦੇ ਦਰਸ਼ਨ ਕਰਨ ਆਉਦੇ ਹਨ। ਜੇ ਇੰਜ ਹੈ ਤਾਂ ਪ੍ਰਧਾਨ ਮੰਤਰੀ ਚੋਣਾਂ ਵਿਚ ਹੀ ਕਿਉ ਦਰਸ਼ਨ ਕਰਨ ਆ ਰਹੇ ਹਨ।
ਹਕੀਕਤ ਇਹ ਹੈ ਕਿ ਉਹ ਡਰੇ ਹੋਏ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹ ਝੂਠ ਦੇ ਨਿਰਮਾਤਾ, ਡਿਸਟ੍ਰੀਬਿਊਟਰ ਤੇ ਹੋਲਸੇਲਰ ਹਨ।



