11.3 C
Jalandhar
Sunday, December 22, 2024
spot_img

ਜਥੇਦਾਰ ਵੱਲੋਂ ਕੇਜਰੀਵਾਲ ਦੀ ਔਰੰਗਜ਼ੇਬ ਨਾਲ ਤੁਲਨਾ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ ਔਰੰਗਜ਼ੇਬ ਨਾਲ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਲਾਲੇ ਨੂੰ ਕੋਈ ਵੀ ਮੰਗ ਪੱਤਰ ਦੇਣ ਦੀ ਲੋੜ ਨਹੀਂ, ਸਗੋਂ ਗੁਰੂ ਘਰਾਂ ਦੇ ਦਰਵਾਜ਼ਿਆਂ ਅੱਗੇ ਬੰਦੀ ਸਿੰਘਾਂ ਸੰਬੰਧੀ ਵੱਡੇ-ਵੱਡੇ ਹੋਰਡਿੰਗ ਲਗਾਏ ਜਾਣ ਤਾਂ ਕਿ ਦੁਨੀਆ ਭਰ ਦੇ ਲੋਕ ਜਾਣ ਸਕਣ ਕਿ ਸਿੱਖਾਂ ਨਾਲ ਬੇਇਨਸਾਫੀ ਕਰਨ ਵਾਲੀਆਂ ਕਿਹੜੀਆਂ-ਕਿਹੜੀਆਂ ਸਰਕਾਰਾਂ ਦੋਸ਼ੀ ਹਨ | ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਲਾ ਪ੍ਰੀਤਮ ਨੇ ਛੋਟੀ ਉਮਰ ਵਿੱਚ ਹੀ ਔਰੰਗਜ਼ੇਬ ਵਰਗੇ ਜਲਾਦ ਨੂੰ ਮਿਲਣ ਤੋਂ ਉਸ ਵੇਲੇ ਇਨਕਾਰ ਕਰ ਦਿੱਤਾ, ਜਦੋਂ ਉਸ ਦੇ ਮੂੰਹ ਵਿੱਚੋਂ ਨਿਕਲਿਆ ਹਰ ਸ਼ਬਦ ਅਲਾਹੀ ਹੁਕਮ ਹੁੰਦਾ ਸੀ | ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਦਿੱਲੀ ਕਮੇਟੀ ਦੇ ਦੋ ਸਾਬਕਾ ਪ੍ਰਧਾਨਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਗਏ, ਪਰ ਉਸ ਲਾਲੇ ਦੀ ਆਕੜ ਇੰਨੀ ਸੀ ਕਿ ਉਸ ਨੇ ਮੰਗ ਪੱਤਰ ਵੀ ਲੈਣ ਲਈ ਜ਼ਹਿਮਤ ਨਹੀਂ ਕੀਤੀ | ਉਹਨਾਂ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਦਹਾੜ ਤੋਂ ਦਿੱਲੀ ਦੇ ਤਖਤ ਦੀਆਂ ਨੀਹਾਂ ਹਿੱਲ ਜਾਂਦੀਆਂ ਸਨ, ਅੱਜ ਉਸ ਸੰਸਥਾ ਨੂੰ ਇੱਕ ਮਾਮੂਲੀ ਲਾਲੇ ਵੱਲੋਂ ਦਰਕਿਨਾਰ ਕਰਨਾ ਔਰੰਗਜ਼ੇਬ ਦੀ ਯਾਦ ਤਾਜ਼ਾ ਕਰਦਾ ਹੈ | ਉਨ੍ਹਾ ਸਿੱਖ ਸੰਗਤਾਂ ਤੇ ਸਿੱਖ ਆਗੂਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਲਾਲੇ ਨੂੰ ਹੀ ਨਹੀਂ, ਸਗੋਂ ਕਿਸੇ ਨੂੰ ਵੀ ਮੰਗ ਪੱਤਰ ਦੇਣ ਦੀ ਲੋੜ ਨਹੀਂ, ਕਿਉਂਕਿ ਸਿੱਖ ਪੰਥ ਦਾ ਇਤਿਹਾਸ ਅਜਿਹੀਆਂ ਕੁਰਬਾਨੀਆਂ ਨਾਲ ਜ਼ਰਖੇਜ਼ ਹੈ ਕਿ ਸਾਡੀਆਂ ਮਾਵਾਂ ਨੇ ਬੱਚੇ ਟੋੋਟੇ-ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾਏ, ਪਰ ਕਿਸੇ ਕੋਲੋਂ ਭੀਖ ਨਹੀਂ ਮੰਗੀ | ਉਹਨਾਂ ਕਿਹਾ ਕਿ ਅੱਜ ਸਾਡਾ ਗੁਰੂ ‘ਤੇ ਭਰੋਸਾ ਨਹੀਂ ਰਿਹਾ ਤੇ ਗੁਰੂ ਤੋਂ ਦੂਰ ਹੋ ਗਏ ਹਾਂ | ਜਦੋਂ ਸਿੱਖ ਦਾ ਭਰੋਸਾ ਗੁਰੂ ‘ਤੇ ਬਣਿਆ ਰਹੇ ਤਾਂ ਸਿੱਖ ਕਦੇ ਵੀ ਹਾਰ ਨਹੀਂ ਖਾਂਦਾ, ਸਗੋਂ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰਦਾ ਹੋਇਆ ਜਿੱਤ ਪ੍ਰਾਪਤ ਕਰਦਾ ਹੈ | ਸਿੱਖ ਪੰਥ ਵਿੱਚ ਚਰਖੜੀਆਂ ‘ਤੇ ਚੜ੍ਹਨ ਵਾਲਿਆਂ, ਬੰਦ-ਬੰਦ ਕਟਵਾਉਣ ਵਾਲੇ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਅੱਜ ਉਹਨਾਂ ਦਾ ਨਾਂਅ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿੱਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ | ਉਹਨਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰਨਾ ਸਾਡਾ ਫਰਜ਼ ਹੈ, ਜੇਕਰ ਫਿਰ ਵੀ ਰਿਹਾਈ ਨਹੀਂ ਹੁੰਦੀ ਤਾਂ ਕਿਸੇ ਵੀ ਦਿੱਲੀ ਦੇ ਮੌਜੂਦਾ ਔਰੰਗਜ਼ੇਬ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ, ਸਗੋਂ ਸਿੱਖ ਸੰਸਥਾਵਾਂ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੇ-ਵੱਡੇ ਹੋਰਡਿੰਗ ਲਗਾਏ ਜਾਣ, ਜਿਹੜੇ ਦੁਨੀਆ ਭਰ ਦੇ ਲੋਕ ਆ ਕੇ ਵੇਖਣਗੇ ਤੇ ਉਹਨਾਂ ਨੂੰ ਜਾਣਕਾਰੀ ਮਿਲੇਗੀ ਕਿ ਘੱਟ-ਗਿਣਤੀ ਸਿੱਖਾਂ ਨਾਲ ਮੌਜੂਦਾ ਸਾਮਰਾਜ ਵਿੱਚ ਵਧੀਕੀਆਂ ਕਿਸ ਕਦਰ ਹੋ ਰਹੀਆਂ ਹਨ | ਸਾਡੇ ਵੱਖ-ਵੱਖ ਸਮਾਗਮਾਂ ਸਮੇਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ ਤੇ ਉਸ ਸਮੇਂ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਖਤੀਆਂ ਫੜਾ ਕੇ ਖੜੇ ਕੀਤੇ ਜਾਣ, ਜਿਹਨਾਂ ਉਪਰ ਰਿਹਾਈ ਲਈ ਸਲੋਗਨ ਲਿਖੇ ਹੋਣ | ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਕੋਲ ਜਾ ਕੇ ਮਿੰਨਤਾਂ ਕਰਨ ਦੀ ਲੋੜ ਨਹੀਂ ਹੈ, ਸਗੋਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਹ ਜਾਣਕਾਰੀ ਦੇਣ ਦੀ ਲੋੜ ਹੈ ਕਿ ਦਿੱਲੀ ਦਰਬਾਰ ਵੱਲੋਂ ਕਿਸ ਤਰੀਕੇ ਨਾਲ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਹਨ | ਉਹਨਾਂ ਕਿਹਾ ਕਿ ਸਿੱਖ ਅੱਜ ਵੀ ਸੰਘਰਸ਼ ਕਰਨ ਦੇ ਸਮਰੱਥ ਹਨ ਤੇ ਮੋਰਚਾ ਲਗਾ ਕੇ ਜਿੱਤ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੇ ਹਨ | ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ਦਾ ਵੀ ਜਥੇਦਾਰ ਨੇ ਆਪ ਹੀ ਇਹ ਕਹਿ ਕੇ ਭੋਗ ਪਾ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਕਿਸੇ ਅੱਗੇ ਵੀ ਲਿਲਕੜੀਆਂ ਕੱਢਣ ਦੀ ਲੋੜ ਨਹੀਂ, ਸਗੋਂ ਦੁਨੀਆ ਭਰ ਵਿੱਚ ਪ੍ਰਚਾਰ ਮਾਧਿਅਮ ਰਾਹੀਂ ਜਾਗਰੂਕ ਕਰਨ ਦੀ ਲੋੜ ਹੈ | ਉਹਨਾਂ ਕਿਹਾ ਕਿ ਹੁਣ ਕੋਈ ਮੰਗ ਪੱਤਰ ਦੇਣ ਦੀ ਲੋੜ ਨਹੀਂ, ਸਗੋਂ ਇਕੱਠੇ ਹੋ ਕੇ ਮੋਰਚੇ ਲਗਾਉਣ ਦੀ ਲੋੜ ਹੈ ਤਾਂ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਤੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਮੌਜੂਦ ਸਨ |

Related Articles

LEAVE A REPLY

Please enter your comment!
Please enter your name here

Latest Articles