ਪੁਣੇ : ਇੱਥੇ ਪਿੰਪਰੀ ਚਿੰਚਵਾੜ ਇਲਾਕੇ ਦੀ ਇਕ ਉੱਘੀ ਆਟੋਮੋਬਾਈਲ ਕੰਪਨੀ ਨੂੰ ਸਪਲਾਈ ਕੀਤੇ ਗਏ ਸਮੋਸਿਆਂ ਵਿਚ ਨਿਰੋਧ, ਪੱਥਰ ਤੇ ਗੁਟਖਾ ਨਿਕਲਣ ’ਤੇ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਰਹੀਮ ਸ਼ੇਖ, ਅਜ਼ਹਰ ਸ਼ੇਖ, ਮਜ਼ਹਰ ਸ਼ੇਖ, ਫਿਰੋਜ਼ ਸ਼ੇਖ ਤੇ ਵਿੱਕੀ ਸ਼ੇਖ ਵਜੋਂ ਹੋਈ ਹੈ। ਪੁਲਸ ਮੁਤਾਬਕ ਕੈਟਰਿੰਗ ਦਾ ਕੰਮ ਸਬਕੰਟਰੈਕਟਿੰਗ ਫਰਮ ਕੈਟਾਲਿਸਟ ਸਰਵਿਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਕੋਲ ਸੀ। ਉਸ ਨੇ ਅੱਗੇ ਸਮੋਸਾ ਸਪਲਾਈ ਕਰਨ ਦਾ ਕੰਮ ਮਨੋਹਰ ਇੰਟਰਪ੍ਰਾਇਜਿਜ਼ ਨੂੰ ਆਊਟਸੋਰਸ ਕੀਤਾ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਮਨੋਹਰ ਇੰਟਰਪ੍ਰਾਇਜਿਜ਼ ਦੇ ਮੁਲਾਜ਼ਮਾਂ ਫਿਰੋਜ਼ ਸ਼ੇਖ ਤੇ ਵਿੱਕੀ ਸ਼ੇਖ ਨੇ ਸਮੋਸਿਆਂ ’ਚ ਨਿਰੋਧ, ਪੱਥਰ ਤੇ ਗੁਟਖਾ ਭਰ ਦਿੱਤੇ। ਇਨ੍ਹਾਂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਐੱਸ ਆਰ ਏ ਇੰਟਰਪ੍ਰਾਇਜਿਜ਼ (ਜਿਸ ਦਾ ਮਿਲਾਵਟ ਕਾਰਨ ਠੇਕਾ ਰੱਦ ਕਰ ਦਿੱਤਾ ਗਿਆ ਸੀ) ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮਨੋਹਰ ਇੰਟਰਪ੍ਰਾਇਜਿਜ਼ ਘੱਲਿਆ, ਤਾਂ ਕਿ ਮਿਲਾਵਟ ਕਰਕੇ ਉਸ ਨੂੰ ਬਦਨਾਮ ਕੀਤਾ ਜਾ ਸਕੇ। ਦੂਜੇ ਤਿੰਨ ਮੁਲਜ਼ਮ ਐੱਸ ਆਰ ਏ ਇੰਟਰਪ੍ਰਾਇਜਿਜ਼ ਦੇ ਪਾਰਟਨਰ ਹਨ। ਐੱਸ ਆਰ ਏ ਇੰਟਰਪ੍ਰਾਇਜਿਜ਼ ਦਾ ਠੇਕਾ ਇਸ ਕਰਕੇ ਰੱਦ ਕੀਤਾ ਗਿਆ ਸੀ ਕਿ ਉਸ ਵੱਲੋਂ ਸਪਲਾਈ ਕੀਤੇ ਸਮੋਸਿਆਂ ਵਿਚ ਫਸਟ ਏਡ ਬੈਂਡੇਜ ਨਿਕਲੀ ਸੀ।