ਬਠਿੰਡਾ : ਤੇਜ਼ ਰਫਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮੰਗਲਵਾਰ ਹਾਦਸੇ ਤੋਂ ਪਹਿਲਾਂ 16 ਸਾਲਾ ਵਿਦਿਆਰਥੀ ਭਗਤਾ ਬੱਸ ਸਟੈਂਡ ’ਤੇ ਆਪਣੀ ਮਾਂ ਨੂੰ ਛੱਡ ਕੇ ਪਰਤ ਰਿਹਾ ਸੀ। ਇਹ ਘਟਨਾ ਭਗਤਾ ਨੇੜੇ ਬਾਜਾਖਾਨਾ ਰੋਡ ’ਤੇ ਮੈਰਿਜ ਪੈਲੇਸ ਦੇ ਬਾਹਰ ਵਾਪਰੀ। ਮੁੰਡਾ ਆਮ ਤੌਰ ’ਤੇ ਤੇਜ਼ ਵਾਹਨ ਚਲਾਉਂਦਾ ਸੀ ਤੇ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀਆਂ ਇੰਸਟਾ ਸਟੋਰੀਜ਼ ’ਚ 160-180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਹਨ ਚਲਾਉਂਦੇ ਦੀਆਂ ਵੀਡੀਓ ਪੋਸਟ ਕੀਤੀਆਂ ਸਨ। ਮਿ੍ਰਤਕ ਦੀ ਪਛਾਣ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਉਦੈ ਪ੍ਰਤਾਪ ਸਿੰਘ ਵਜੋਂ ਹੋਈ ਹੈ। ਉਹ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਪਰ ਕਥਿਤ ਤੌਰ ’ਤੇ ਆਪਣੇ ਪਿਤਾ ਅਤੇ ਮਾਤਾ ਦੇ ਵਿਵਾਦ ਕਾਰਨ ਭਗਤਾ ਬਲਾਕ ਦੇ ਪਿੰਡ ਸੀਰੇਵਾਲਾ ਸਥਿਤ ਆਪਣੇ ਨਾਨਕੇ ਮਾਂ ਨਾਲ ਰਹਿ ਰਿਹਾ ਸੀ। ਹਾਲਾਂਕਿ 18 ਸਾਲ ਤੋਂ ਹੇਠਲਾ ਬੱਚਾ ਟੂ-ਵ੍ਹੀਲਰ ਤੇ ਹੋਰ ਵਾਹਨ ਨਹੀਂ ਚਲਾ ਸਕਦਾ, ਪਰ ਬੱਚੇ ਆਮ ਚਲਾ ਰਹੇ ਹਨ। ਮਾਂ-ਬਾਪ ਬੱਚਿਆਂ ਨੂੰ ਬਾਈਕ ਤੇ ਕਾਰਾਂ ਦੇ ਕੇ ਖੁਦ ਉਨ੍ਹਾਂ ਦੀ ਜਾਨ ਖਤਰੇ ਵਿਚ ਪਾ ਰਹੇ ਹਨ।