ਨਵੀਂ ਦਿੱਲੀ : ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਬੁੱਧਵਾਰ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਅਤੇ ਦਲਿਤਾਂ ਨੂੰ ਢੁੱਕਵੀਂ ਪ੍ਰਤੀਨਿਧਤਾ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ‘ਆਪ’ ਨੂੰ ਛੱਡ ਦਿੱਤਾ। ਇੱਥੇ ਪ੍ਰੈੱਸ ਕਾਨਫਰੰਸ ’ਚ ਸਮਾਜ ਭਲਾਈ ਸਮੇਤ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਆਨੰਦ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਦੇ ਪ੍ਰਮੁੱਖ ਆਗੂਆਂ ’ਚ ਕੋਈ ਦਲਿਤ ਨਹੀਂ ਹੈ। ‘ਆਪ’ ਦੇ ਦਲਿਤ ਵਿਧਾਇਕਾਂ, ਮੰਤਰੀਆਂ ਜਾਂ ਕੌਂਸਲਰਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਗਿਆ। ਆਪ ਦਾ ਜਨਮ ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ਨਾਲ ਹੋਇਆ ਸੀ। ਅੱਜ ਇਹ ਪਾਰਟੀ ਖੁਦ ਭਿ੍ਰਸ਼ਟਾਚਾਰ ਦੀ ਦਲਦਲ ਵਿਚ ਫਸ ਚੁੱਕੀ ਹੈ।
ਜਾਟਵ ਸਮਾਜ ਤੋਂ ਆਉਦੇ ਆਨੰਦ 2020 ਵਿਚ ਪਟੇਲ ਨਗਰ ਤੋਂ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾ ਦੀ ਪਤਨੀ ਵੀਨਾ ਆਨੰਦ ਇਸੇ ਹਲਕੇ ਤੋਂ ਉਮੀਦਵਾਰ ਰਹਿ ਚੁੱਕੀ ਹੈ।
ਪਿਛਲੇ ਸਾਲ ਨਵੰਬਰ ਵਿਚ ਈ ਡੀ ਨੇ ਆਨੰਦ ਦੇ ਘਰ ਦੀ ਕਸਟਮ ਕੇਸ ਵਿਚ 23 ਘੰਟੇ ਤਲਾਸ਼ੀ ਲਈ ਸੀ। ਉਦੋਂ ਆਨੰਦ ਨੇ ਕਿਹਾ ਸੀਦੇਸ਼ ਵਿਚ ਸੱਚ ਬੋਲਣਾ, ਦਲਿਤਾਂ ਦੀ ਸਿਆਸਤ ਕਰਨਾ, ਕੰਮ ਦੀ ਸਿਆਸਤ ਕਰਨਾ ਗੁਨਾਹ ਬਣ ਗਿਆ ਹੈ। ਈ ਡੀ ਜਿਹੜਾ ਕਸਟਮ ਦਾ ਮਾਮਲਾ ਦੱਸ ਰਹੀ ਹੈ, ਉਹ 20 ਸਾਲ ਪੁਰਾਣਾ ਹੈ ਤੇ ਉਸ ਵਿਚ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਹੈ।