ਮੁੰਬਈ : ਪੁਲਸ ਨੇ ਕਿ੍ਰਕਟਰ ਹਾਰਦਿਕ ਪਾਂਡਿਆ ਅਤੇ ਕਰੁਣਾਲ ਪਾਂਡਿਆ ਦੇ ਮਤਰੇਏ ਭਰਾ ਵੈਭਵ ਪਾਂਡਿਆ (37) ਨੂੰ ਗਿ੍ਰਫਤਾਰ ਕਰ ਲਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਹਾਰਦਿਕ ਤੇ ਕਰੁਣਾਲ ਨਾਲ ਵਪਾਰਕ ਸਾਂਝੇਦਾਰੀ ’ਚ ਕਰੀਬ 4.3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਰਿਪੋਰਟ ਮੁਤਾਬਕ ਤਿੰਨ ਸਾਲ ਪਹਿਲਾਂ ਤਿੰਨਾਂ ਨੇ ਮਿਲ ਕੇ ਪੌਲੀਮਰ ਕਾਰੋਬਾਰ ਦੀ ਸਥਾਪਨਾ ਕੀਤੀ ਸੀ। ਕਿ੍ਰਕਟਰ ਭਰਾਵਾਂ ਨੇ ਪੂੰਜੀ ਦਾ 40 ਪ੍ਰਤੀਸ਼ਤ ਨਿਵੇਸ਼ ਕਰਨਾ ਸੀ, ਜਦੋਂ ਕਿ ਵੈਭਵ ਨੇ 20 ਪ੍ਰਤੀਸ਼ਤ ਯੋਗਦਾਨ ਪਾਉਣਾ ਸੀ ਅਤੇ ਰੋਜ਼ਾਨਾ ਕੰਮਕਾਜ ਦਾ ਪ੍ਰਬੰਧਨ ਕਰਨਾ ਸੀ। ਮੁਨਾਫਾ ਇਨ੍ਹਾਂ ਸ਼ੇਅਰਾਂ ਦੇ ਹਿਸਾਬ ਨਾਲ ਵੰਡਿਆ ਜਾਣਾ ਸੀ। ਹਾਲਾਂਕਿ ਵੈਭਵ ਨੇ ਕਥਿਤ ਤੌਰ ’ਤੇ ਆਪਣੇ ਸੌਤੇਲੇ ਭਰਾਵਾਂ ਨੂੰ ਦੱਸੇ ਬਿਨਾਂ ਉਸੇ ਕਾਰੋਬਾਰ ਵਿਚ ਇਕ ਹੋਰ ਫਰਮ ਖੜ੍ਹੀ ਕੀਤੀ ਅਤੇ ਸਾਂਝੇਦਾਰੀ ਸਮਝੌਤੇ ਦੀ ਉਲੰਘਣਾ ਕੀਤੀ। ਨਤੀਜਾ ਇਹ ਹੋਇਆ ਕਿ ਸਾਂਝੇਦਾਰੀ ਦਾ ਅਸਲ ਮੁਨਾਫਾ ਘਟ ਗਿਆ। ਕਰੀਬ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਵੀ ਦੋਸ਼ ਹੈ ਕਿ ਵੈਭਵ ਨੇ ਚੁੱਪਚਾਪ ਆਪਣੇ ਮੁਨਾਫੇ ਦਾ ਹਿੱਸਾ 20 ਪ੍ਰਤੀਸ਼ਤ ਤੋਂ ਵਧਾ ਕੇ 33.3 ਪ੍ਰਤੀਸ਼ਤ ਕਰ ਦਿੱਤਾ, ਜਿਸ ਨਾਲ ਹਾਰਦਿਕ ਅਤੇ ਕਰੁਣਾਲ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ।



