ਈਦ ’ਤੇ ਮਾਲੇਰਕੋਟਲਾ ’ਚ ਵਿਸ਼ਾਲ ਇਕੱਠ

0
190

ਮਾਲੇਰਕੋਟਲਾ (ਅਸਗਰ ਪਰਿਹਾਰ)
ਸਥਾਨਕ ਵੱਡੀ ਈਦਗਾਹ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਵੱਖ-ਵੱਖ ਮਸਜਿਦਾਂ, ਈਦਗਾਹਾਂ ਅੰਦਰ ਹਜ਼ਾਰਾਂ ਮੁਸਲਮਾਨਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਮੁੱਖ ਸਮਾਗਮ ਏਸ਼ੀਆ ਦੀ ਸਭ ਤੋਂ ਸੁੰਦਰ ਤੇ ਵੱਡੀ ਈਦਗਾਹ ਮਾਲੇਰਕੋਟਲਾ ਵਿਖੇ ਮਨਾਇਆ ਗਿਆ, ਜਿੱਥੇ ਮੁਫਤੀ ਏ ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਵੱਲੋਂ ਈਦ ਦੀ ਨਮਾਜ਼ ਅਦਾ ਕਰਵਾਈ ਗਈ।
ਮੁਸਲਿਮ ਭਾਈਚਾਰੇ ਨੂੰ ਪੰਜਾਬ ਸਰਕਾਰ ਦੀ ਤਰਫੋਂ ਈਦ ਦੀ ਮੁਬਾਰਕਬਾਦ ਦੇਣ ਲਈ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਈਦਗਾਹ ਦੀ ਫਸੀਲ ਤੋਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਈਦਗਾਹ ਵਿਖੇ ਇਕੱਠੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵੱਲੋਂ, ਪੰਜਾਬ ਸਰਕਾਰ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਈਦ ਉਲ ਫਿਤਰ ਦੀ ਮੁਬਾਰਕਬਾਦ ਪੇਸ਼ ਕੀਤੀ। ਮੀਤ ਹੇਅਰ ਨੇ ਮਾਲੇਰਕੋਟਲਾ ’ਚ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਜਲਦ ਹੀ ਸ਼ੁਰੂ ਹੋਣ ਦਾ ਵਿਸ਼ਵਾਸ ਦਿਵਾਇਆ। ਬੀਬੀ ਹਰਪਾਲ ਕੌਰ ਨੇ ਮਾਲੇਰਕੋਟਲਾ ਸ਼ਹਿਰ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਦੀ ਮਹੱਤਤਾ ’ਤੇ ਚਾਨਣਾ ਪਾਇਆ।

LEAVE A REPLY

Please enter your comment!
Please enter your name here