25 C
Jalandhar
Sunday, September 8, 2024
spot_img

ਇਹ ਹੈ ਅਸਲੀ ਕੇਰਲਾ ਸਟੋਰੀ

‘ਦੀ ਕੇਰਲਾ ਸਟੋਰੀ’ ਫਿਲਮ ਕਾਫੀ ਵਿਵਾਦਾਂ ਵਿਚ ਰਹੀ ਹੈ, ਕਿਉਕਿ ਇਸ ਵਿਚ ਕੇਰਲਾ ਦੀਆਂ ਭੋਲੀਆਂ-ਭਾਲੀਆਂ ਮਹਿਲਾਵਾਂ (ਬਹੁਤੀਆਂ ਹਿੰਦੂ) ਨੂੰ ਮੁਸਲਮਾਨਾਂ ਵੱਲੋਂ ਫਸਾ ਕੇ ਉਨ੍ਹਾਂ ਨਾਲ ਵਿਆਹ ਕਰਾਉਣ ਤੇ ਧਰਮ ਬਦਲਵਾ ਕੇ ਇਸਲਾਮਿਕ ਸਟੇਟ ਨੂੰ ਸਪਲਾਈ ਕਰਨ ਦੀ ਇਕਪਾਸੜ ਤਸਵੀਰ ਪੇਸ਼ ਕੀਤੀ ਗਈ ਹੈ। ਭਾਜਪਾ ਨੇ ਇਸ ਫਿਲਮ ਨੂੰ ਕਾਫੀ ਪ੍ਰਚਾਰਤ ਕੀਤਾ ਤੇ ਲੋਕ ਸਭਾ ਚੋਣਾਂ ਵਿਚ ਵੀ ਇਸ ਦੀ ਕੇਰਲਾ ਵਿਚ ਖੂਬ ਵਰਤੋਂ ਕਰ ਰਹੀ ਹੈ। ਇਸ ਵਿਚ ਕੁਝ ਪਾਦਰੀ ਵੀ ਉਸ ਦੀ ਮਦਦ ਕਰ ਰਹੇ ਹਨ। ਇਦੁੱਕੀ ਡਾਇਓਸਿਸ ਤੇ ਕੇਰਲਾ ਕੈਥੋਲਿਕ ਯੂਥ ਮੂਵਮੈਂਟ ਆਫ ਦੀ ਥਮਰਾਸੇਰੀ ਡਾਇਓਸਿਸ ਨੇ ਭਾਜਪਾ ਦੇ ਮਗਰ ਲੱਗ ਕੇ ਇਸ ਫਿਲਮ ਦੀ ਸਕਰੀਨਿੰਗ ਕੀਤੀ ਹੈ, ਪਰ ਇਹ ਹਰਬੇ ਕੇਰਲਾ ਵਾਸੀਆਂ ਦੀ ਆਪਸੀ ਸਦਭਾਵਨਾ ਨੂੰ ਤੋੜਨ ਵਿਚ ਨਾਕਾਮ ਰਹੇ ਹਨ। ਇਸ ਦੀ ਉੱਘੜਵੀਂ ਮਿਸਾਲ ਕੇਰਲਾ ਵਿਚ ਬੁੱਧਵਾਰ ਮਨਾਈ ਗਈ ਈਦ ਵੇਲੇ ਮਿਲੀ, ਜਦੋਂ ਮੱਲਾਪੁਰਮ ਦੇ ਮੰਜੇਰੀ ਸਥਿਤ ਇਕ ਚਰਚ ਨੇ ਨਮਾਜ਼ ਅਦਾ ਕਰਨ ਲਈ ਆਪਣਾ ਵਿਸ਼ਾਲ ਮੈਦਾਨ ਹਜ਼ਾਰਾਂ ਮੁਸਲਮਾਨ ਮਰਦਾਂ, ਮਹਿਲਾਵਾਂ ਤੇ ਬੱਚਿਆਂ ਦੇ ਹਵਾਲੇ ਕਰ ਦਿੱਤਾ। ਸਥਾਨਕ ਮੁਸਲਮਾਨ ਆਮ ਤੌਰ ’ਤੇ ਸਰਕਾਰੀ ਸਕੂਲ ਦੇ ਮੈਦਾਨ ਵਿਚ ਈਦ ਮਨਾਉਦੇ ਸਨ, ਪਰ ਐਤਕੀਂ ਚੋਣਾਂ ਕਰਕੇ ਉਥੇ ਚੋਣ ਸਟਾਫ ਦਾ ਕਬਜ਼ਾ ਹੈ। ਈਦ ਉਤਸਵ ਕਮੇਟੀ ਨੇ ਤਿੰਨ ਦਿਨ ਪਹਿਲਾਂ ਫਾਦਰ ਜੁਆਏ ਮਸੀਲਾਮਨੀ ਨਾਲ ਸੰਪਰਕ ਕੀਤਾ ਤਾਂ ਉਹ ਮੈਦਾਨ ਦੇਣ ਲਈ ਤੁਰੰਤ ਰਾਜ਼ੀ ਹੋ ਗਏ। ਅਜਿਹਾ ਅੰਤਰ-ਧਰਮ ਮਿਲਵਰਤਣ ਕੇਰਲਾ ਵਿਚ ਆਮ ਹੈ, ਪਰ ਚਰਚ ਵੱਲੋਂ ਈਦ ਦੇ ਨਮਾਜ਼ੀਆਂ ਲਈ ਮੈਦਾਨ ਦੇਣਾ ਉਸ ਵੇਲੇ ਵਧੇਰੇ ਅਹਿਮ ਹੋ ਜਾਂਦਾ ਹੈ, ਜਦੋਂ ਕੁਝ ਚਰਚ ‘ਦੀ ਕੇਰਲਾ ਸਟੋਰੀ’ ਦਿਖਾ ਰਹੇ ਹਨ। ਸੂਬੇ ਦੇ ਬਹੁਤੇ ਚਰਚ ਇਹ ਫਿਲਮ ਦਿਖਾਉਣ ਦੇ ਕੁਝ ਚਰਚਾਂ ਦੇ ਫੈਸਲੇ ਦੀ ਕਰੜੀ ਅਲੋਚਨਾ ਕਰ ਰਹੇ ਹਨ। ਕੇਰਲਾ ਵਿਚ ਹਿੰਦੂਆਂ ਤੋਂ ਇਲਾਵਾ ਕਾਫੀ ਮੁਸਲਮਾਨ ਤੇ ਈਸਾਈ ਹਨ। ਫਿਰਕੂ ਤੱਤ ਇਨ੍ਹਾਂ ਨੂੰ ਆਪਸ ਵਿਚ ਲੜਾਉਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ, ਪਰ ਫਿਰਕੂ ਸਦਭਾਵਨਾ ਦੇ ਮਾਮਲੇ ਵਿਚ ਕੇਰਲਾ ਦੇਸ਼ ਅੱਗੇ ਮਿਸਾਲ ਬਣਿਆ ਹੋਇਆ ਹੈ। ਸੂਬੇ ਵਿਚ ਮੁਸਲਮਾਨ ਤੇ ਹਿੰਦੂ ਮਿਲ ਕੇ ਮੰਦਰਾਂ ਵਿਚ ਉਤਸਵ ਮਨਾਉਦੇ ਹਨ। ਈਸਾਈ ਤੇ ਹਿੰਦੂ ਚਰਚਾਂ ਵਿਚ ਇਕੱਠੇ ਹੁੰਦੇ ਹਨ। ਮੁਸਲਮਾਨ ਸਾਰੇ ਧਰਮਾਂ ਦੇ ਲੰਗਰਾਂ ਵਿਚ ਮਾਲੀ ਤੇ ਪਦਾਰਥਕ ਮਦਦ ਕਰਦੇ ਹਨ। ਆਮ ਲੋਕ ਮੰਜੇਰੀ ਦੇ ਈਸਾਈਆਂ ਦੀ ਫਰਾਖਦਿਲੀ ਨੂੰ ਅਸਲੀ ਕੇਰਲਾ ਸਟੋਰੀ ਦੱਸ ਕੇ ਪ੍ਰਸੰਸਾ ਕਰ ਰਹੇ ਹਨ। ਮੰਜੇਰੀ ਦੇ ਮੌਲਵੀ ਸੌਧੀਨ ਸਲਾਹੀ ਨੇ ਚਰਚ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਸਾਰੇ ਧਰਮਾਂ ਨੂੰ ਇਸੇ ਤਰ੍ਹਾਂ ਮਿਲਵਰਤਣ ਕਰਨਾ ਚਾਹੀਦਾ ਹੈ। ਮੰਜੇਰੀ ਦੀ ਕਹਾਣੀ ਸਦਭਾਵਨਾ ਤੋੜਨ ਦੇ ਜਤਨ ਕਰਨ ਵਾਲੀਆਂ ਨਾਪਾਕ ਤਾਕਤਾਂ ਨੂੰ ਢੁਕਵਾਂ ਜਵਾਬ ਹੈ।
ਅੱਜ ਆਰ ਐੱਸ ਐੱਸ ਤੇ ਭਾਜਪਾ ਵਾਲੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡ ਕੇ ਲੋਕ ਸਭਾ ਜਿੱਤਣ ਲਈ ਪੂਰਾ ਤਾਣ ਲਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕੇਰਲਾ ਦੇ ਲੋਕਾਂ ਵਰਗੀ ਸੋਚ ’ਤੇ ਚੱਲ ਕੇ ਹੀ ਕੀਤਾ ਜਾ ਸਕਦਾ ਹੈ। ਦੇਸ਼ ਵਿਚ ਜਮਹੂਰੀਅਤ ਤੇ ਫਿਰਕੂ ਇਕਸੁਰਤਾ ਬਚਾਉਣ ਲਈ ਇਹੀ ਇਕ ਰਾਹ ਹੈ।

Related Articles

LEAVE A REPLY

Please enter your comment!
Please enter your name here

Latest Articles