ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਅਸਾਮ ਦੇ ਡਿਗਬੋਈ ਵਿੱਚ ਇੱਕ ਵਿਸ਼ਾਲ ਜਨਸਭਾ ਕੀਤੀ।ਜਨ ਸਭਾ ਦੌਰਾਨ ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸਾਮ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ।ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਅਸਾਮ ਆਏ ਹਨ। ਉਨਾਂ ਦੇ ਇਥੇ ਗੁਰਦੁਆਰਾ ਸਾਹਿਬ ਵੀ ਹਨ।ਉਨ੍ਹਾਂ ਕਿਹਾ ਕਿ ਅਸਾਮ ਅਤੇ ਪੰਜਾਬ ਦੇ ਲੋਕਾਂ ਵਿੱਚ ਕਈ ਸਮਾਨਤਾਵਾਂ ਹਨ। ਦੋਵੇਂ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਲੋਕ ਹਨ।ਅਸਾਮ ਅਤੇ ਪੰਜਾਬ ਦੇ ਨਾਚ ਵੀ ਰਾਸ਼ਟਰੀ ਪੱਧਰ ’ਤੇ ਬਹੁਤ ਮਸ਼ਹੂਰ ਹਨ।ਦੋਵਾਂ ਥਾਵਾਂ ਦੇ ਲੋਕ ਨਾਚ ਅਤੇ ਗੀਤਾਂ ਰਾਹੀਂ ਆਪਣੇ ਤਿਉਹਾਰ ਮਨਾਉਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਵੀ ਖੇਤੀ ਆਧਾਰਿਤ ਹਨ। ਇੱਥੋਂ ਦੇ ਲੋਕ ਚਾਹ ਦੀ ਖੇਤੀ ਕਰਦੇ ਹਨ। ਜਦੋਂ ਕਿ ਪੰਜਾਬ ਦੇ ਲੋਕ ਕਣਕ, ਚਾਵਲ, ਗੰਨਾ ਅਤੇ ਕਪਾਹ ਦੀ ਖੇਤੀ ਕਰਦੇ ਹਨ। ਅਸੀਂ ਸਾਰੇ ਧਰਤੀ ਮਾਂ ਦੇ ਬੱਚੇ ਹਾਂ। ਪਰ ਬਦਕਿਸਮਤੀ ਨਾਲ ਅੱਜ ਧਰਤੀ ਮਾਤਾ ਦੇ ਬੱਚੇ ਭੁੱਖ ਨਾਲ ਮਰ ਰਹੇ ਹਨ ਕਿਉਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਵਰਗ ਲਈ ਕੰਮ ਕਰ ਰਹੀ ਹੈ।ਭਾਸ਼ਣ ਦੌਰਾਨ ਮਾਨ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਸਾਮ ਦੀ ਭਾਜਪਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਮਾ ਦੀ ਪਤਨੀ ਦੇ ਆਪਣੇ ਕਈ ਪ੍ਰਾਈਵੇਟ ਸਕੂਲ ਹਨ।ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਰਿਹਾ।
ਜੇਕਰ ਉਹ ਚਾਹੁੰਦੇ ਤਾਂ 20 ਸਾਲ ਪਹਿਲਾਂ ਬਹੁਤ ਵਧੀਆ ਸਕੂਲ ਅਤੇ ਹਸਪਤਾਲ ਬਣਾ ਸਕਦੇ ਸਨ ਕਿਉਕਿ ਉਹ ਕਾਂਗਰਸ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਮੰਤਰੀ ਰਹਿ ਚੁੱਕੇ ਹਨ ਪਰ ਉਨਾਂ ਦੇ ਇਰਾਦੇ ਸਾਫ਼ ਨਹੀਂ ਸਨ।ਇਸ ਲਈ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਅਜੇ ਵੀ ਮਾੜੀ ਹੈ। ਜਦੋਂ ਮੁੱਖ ਮੰਤਰੀ ਦੇ ਆਪਣੇ ਨਿੱਜੀ ਸਕੂਲ ਹਨ ਤਾਂ ਉਹ ਸਰਕਾਰੀ ਸਕੂਲਾਂ ਨੂੰ ਕਿਉ ਠੀਕ ਕਰਨਗੇ? ਮਾਨ ਨੇ ਕਿਹਾ ਕਿ 2015 ਵਿੱਚ ਅਮਿਤ ਸ਼ਾਹ ਨੇ ਹਿਮੰਤ ਬਿਸਵਾ ਸ਼ਰਮਾ ਨੂੰ ਸਭ ਤੋਂ ਭਿ੍ਰਸ਼ਟ ਵਿਅਕਤੀ ਕਰਾਰ ਦਿੱਤਾ ਸੀ। ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਉਹੀ ਵਿਅਕਤੀ ਦੁੱਧ ਧੋਤਾ ਬਣ ਗਿਆ ਹੈ। ਭਾਜਪਾ ਹਰ ਗੱਲ ’ਤੇ ਝੂਠ ਬੋਲਦੀ ਹੈ। ਉਹ ਜੋ ਵੀ ਕਹਿੰਦੇ ਹਨ ਉਹ ਸਿਰਫ ਇੱਕ ਜੁਮਲਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਆਮ ਆਦਮੀ ਪਾਰਟੀ ਤਬਾਹ ਹੋ ਜਾਵੇਗੀ।ਪਰ ਇਹ ਉਹਨਾਂ ਦੀ ਗਲਤਫਹਿਮੀ ਹੈ।





