ਅਮਰੀਕਾ ਨੂੰ ਇਜ਼ਰਾਈਲ ’ਤੇ ਈਰਾਨੀ ਹਮਲੇ ਦਾ ਡਰ

0
192

ਵਾਸ਼ਿੰਗਟਨ : ਅਮਰੀਕੀ ਅਖਬਾਰ ‘ਵਾਲ ਸਟਰੀਟ ਜਰਨਲ’ ਨੇ ਅਮਰੀਕੀ ਇੰਟੈਲੀਜੈਂਸ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਈਰਾਨ ਦੋ ਦਿਨਾਂ ਵਿਚ ਇਜ਼ਰਾਈਲ ’ਤੇ ਹਮਲਾ ਕਰ ਸਕਦਾ ਹੈ। ਅਖਬਾਰ ਮੁਤਾਬਕ ਹਮਲੇ ਬਾਰੇ ਯੋਜਨਾ ’ਤੇ ਈਰਾਨ ਦੇ ਸੁਪਰੀਮ ਲੀਡਰ ਆਇਤਉੱਲ੍ਹਾ ਖਾਮੇਨੇਈ ਦੀ ਮਨਜ਼ੂਰੀ ਦੀ ਉਡੀਕ ਹੈ। ਇਜ਼ਰਾਈਲ ਆਪਣੇ ਉੱਤਰ ਤੇ ਪੱਛਮੀ ਹਿੱਸਿਆਂ ਵਿਚ ਹਮਲੇ ਦਾ ਟਾਕਰਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਊਦੀ ਅਰਬ, ਚੀਨ, ਤੁਰਕੀ ਤੇ ਕਈ ਯੂਰਪੀਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਫੋਨ ਕਰਕੇ ਈਰਾਨ ਨੂੰ ਹਮਲਾ ਨਾ ਕਰਨ ਲਈ ਮਨਾਉਣ ਲਈ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਨ ਨੇ ਕਿਹਾ ਕਿ ਵਿਵਾਦ ਵਧਾਉਣਾ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੋਵੇਗਾ।
ਅਮਰੀਕਾ ਵੀਰਵਾਰ ਇਜ਼ਰਾਈਲ ਵਿਚ ਕੰਮ ਕਰਨ ਵਾਲੇ ਆਪਣੇ ਨਾਗਰਿਕਾਂ ਤੇ ਖਾਸਕਰ ਡਿਪਲੋਮੈਟਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਚੁੱਕਾ ਹੈ। ਹਮਲੇ ਦੇ ਖਤਰੇ ਦੇ ਮੱਦੇਨਜ਼ਰ ਅਮਰੀਕਾ ਦੀ ਸੈਂਟਰਲ ਕਮਾਂਡ ਦੇ ਜਨਰਲ ਮਾਈਕਲ ਕੁਰੀਲਾ ਵੀਰਵਾਰ ਇਜ਼ਰਾਈਲ ਪਹੁੰਚੇ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਤੇ ਉੱਚ ਰੱਖਿਆ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਇਜ਼ਰਾਈਲ ਨੇ ਪਹਿਲੀ ਅਪ੍ਰੈਲ ਨੂੰ ਸੀਰੀਆ ਵਿਚ ਈਰਾਨੀ ਦੂਤਘਰ ’ਤੇ ਹਵਾਈ ਹਮਲਾ ਕੀਤਾ ਸੀ, ਜਿਸ ਵਿਚ ਈਰਾਨ ਦੇ ਦੋ ਆਰਮੀ ਕਮਾਂਡਰਾਂ ਸਣੇ 13 ਲੋਕ ਮਾਰੇ ਗਏ ਸਨ। ਇਸ ਦੇ ਬਾਅਦ ਈਰਾਨ ਨੇ ਬਦਲਾ ਲੈਣ ਦੀ ਗੱਲ ਕਹੀ ਸੀ। ਇਸ ਦੇ ਬਾਅਦ ਵ੍ਹਾਈਟ ਹਾਊਸ ਦੀ ਪ੍ਰੱੈਸ ਸੈਕਟਰੀ ਕੈਰੀਨ ਜੀਨ-ਪਿਅਰੇ ਨੇ ਕਿਹਾ ਸੀ ਕਿ ਅਮਰੀਕਾ ਨੇ ਈਰਾਨ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਇਸ ਹਮਲੇ ਵਿਚ ਅਮਰੀਕਾ ਦਾ ਕੋਈ ਹੱਥ ਨਹੀਂ ਤੇ ਉਹ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਆਇਤਉੱਲ੍ਹਾ ਖਾਮੇਨੇਈ ਨੇ ਲੰਘੇ ਬੁੱਧਵਾਰ ਕਿਹਾ ਸੀ ਕਿ ਇਜ਼ਰਾਈਲ ਨੂੰ ਹਮਲੇ ਦੀ ਸਜ਼ਾ ਜ਼ਰੂਰ ਮਿਲੇਗੀ। ਸੀਰੀਆ ਵਿਚ ਉਨ੍ਹਾ ਦੇ ਦੂਤਘਰ ’ਤੇ ਹਮਲਾ ਈਰਾਨ ਦੀ ਧਰਤੀ ’ਤੇ ਹਮਲਾ ਕਰਨ ਵਰਗਾ ਹੈ।
ਇਜ਼ਰਾਈਲ ਨੇ ਕੁਝ ਦਿਨ ਪਹਿਲਾਂ ਆਪਣਾ ਜੀ ਪੀ ਐੱਸ ਨੈਵੀਗੇਸ਼ਨ ਸਿਸਟਮ ਬੰਦ ਕਰ ਦਿੱਤਾ ਸੀ। ਅਜਿਹਾ ਗਾਈਡਿਡ ਮਿਜ਼ਾਈਲਾਂ ਦਾ ਹਮਲਾ ਰੋਕਣ ਲਈ ਕੀਤਾ ਜਾਂਦਾ ਹੈ। ਉਸ ਨੇ ਸਾਰੇ ਫੌਜੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਏਅਰ ਡਿਫੈਂਸ ਕਮਾਂਡ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਕਈ ਸ਼ਹਿਰਾਂ ਵਿਚ ਐਂਟੀ ਬੰਬ ਸ਼ੈਲਟਰ ਬਣਾਏ ਜਾ ਰਹੇ ਹਨ।
ਈਰਾਨ ਤੇ ਇਜ਼ਰਾਈਲ ਵਿਚਾਲੇ ਦੁਸ਼ਮਣੀ ਜੱਗ-ਜ਼ਾਹਰ ਹੈ, ਹਾਲਾਂਕਿ ਦੋਨੋਂ ਸਿੱਧੇ ਨਹੀਂ ਟਕਰਾਏ । ਜੇ ਸਿੱਧੀ ਲੜਾਈ ਹੁੰਦੀ ਹੈ ਤਾਂ ਪੂਰੇ ਮੱਧ-ਪੂਰਬ ਵਿਚ ਜੰਗ ਫੈਲਣ ਦਾ ਖਤਰਾ ਹੈ, ਜਿਸ ਦੇ ਨਤੀਜੇ ਭਿਆਨਕ ਨਿਕਲਣਗੇ।

LEAVE A REPLY

Please enter your comment!
Please enter your name here