ਯੂ ਪੀ ਪੁਲਸ ਦੇ ਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਅੰਦਰ ਪੁਜਾਰੀਆਂ ਵਾਲੇ ਪਹਿਰਾਵੇ ਵਿਚ ਡਿਊਟੀ ਦਿੰਦੇ ਨਜ਼ਰ ਆਏ। ਇਨ੍ਹਾਂ ਵਿੱਚੋਂ ਚਾਰ ਮਰਦ ਤੇ ਦੋ ਮਹਿਲਾ ਮੁਲਾਜ਼ਮ ਸਨ। ਪੁਲਸ ਅਧਿਕਾਰੀਆਂ ਮੁਤਾਬਕ ਇਹ ਮੁਲਾਜ਼ਮ ਸ਼ਰਧਾਲੂਆਂ ਨੂੰ ਹਰ ਹਰ ਮਹਾਦੇਵ ਕਿਹਾ ਕਰਨਗੇ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਇਸ ਵਰਤਾਰੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਪੁਲਸ ਮੈਨੁਅਲ ਦੇ ਹਿਸਾਬ ਨਾਲ ਸਹੀ ਨਹੀਂ ਹੈ। ਅਜਿਹਾ ਆਦੇਸ਼ ਦੇਣ ਵਾਲੇ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ। ਕੱਲ੍ਹ ਨੂੰ ਇਸ ਦਾ ਫਾਇਦਾ ਉਠਾ ਕੇ ਕੋਈ ਠੱਗ ਭੋਲੇ-ਭਾਲੇ ਲੋਕਾਂ ਨੂੰ ਲੁੱਟੇਗਾ ਤਾਂ ਪ੍ਰਸ਼ਾਸਨ ਕੀ ਜਵਾਬ ਦੇਵੇਗਾ।





