ਪਹਿਲੀ ਲਿਸਟ ’ਚ ਹਰਸਿਮਰਤ ਨਹੀਂ

0
131

ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੇ ਸ਼ਨਿੱਚਰਵਾਰ ਲੋਕ ਸਭਾ ਚੋਣਾਂ ਲਈ ਪਾਰਟੀ ਦੇ 7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਗੁਰਦਾਸਪੁਰ ਤੋਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਪਾਰਟੀ ਦੇ ਖਜ਼ਾਨਚੀ ਐੱਨ ਕੇ ਸ਼ਰਮਾ, ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਅਨਿਲ ਜੋਸ਼ੀ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ (ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੋਤੇ) ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੰਗਰੂਰ ਤੋਂ ਪਹਿਲਾਂ ਸਾਬਕਾ ਸੂਬਾਈ ਵਿੱਤ ਮੰਤਰੀ ਤੇ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਨੂੰ ਲੜਾਉਣ ਦੀ ਕਾਫੀ ਚਰਚਾ ਸੀ। ਅਕਾਲੀ ਦਲ ਦੀ ਪਹਿਲੀ ਸੂਚੀ ਵਿਚ ਨਾਂ ਨਾ ਹੋਣ ’ਤੇ ਚਰਚਾ ਛਿੜ ਗਈ ਹੈ ਕਿ ਕੀ ਬਾਦਲ ਖਾਨਦਾਨ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਲਗਾਤਾਰ ਤਿੰਨ ਵਾਰ ਲਗਾਤਾਰ ਚੋਣ ਜਿੱਤਣ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਐਤਕੀਂ ਫਿਰੋਜ਼ਪੁਰ ਤੋਂ ਚੋਣ ਲੜਾਉਣਾ ਚਾਹੁੰਦਾ ਹੈ।
ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਮੁਖੀ ਅਤੇ ਪ੍ਰਮੁੱਖ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਬਠਿੰਡਾ ਹਲਕੇ ਤੋਂ ਭਾਜਪਾ ਤਰਫੋਂ ਚੋਣ ਲੜਨ ਦੀ ਚਰਚਾ ਹੈ। ਬਠਿੰਡਾ ਹਲਕੇ ’ਚ ਸਿਕੰਦਰ ਮਲੂਕਾ ਦਾ ਚੋਖਾ ਪ੍ਰਭਾਵ ਹੈ।
ਹਰਸਿਮਰਤ ਨੂੰ ਭਾਜਪਾ ਨਾਲ ਭਾਈਵਾਲੀ ਦੇ ਹੁੰਦਿਆਂ 2009 ’ਚ 50.51 ਫੀਸਦੀ, 2014 ’ਚ 43.73 ਫੀਸਦੀ ਅਤੇ 2019 ’ਚ 41.52 ਫੀਸਦੀ ਵੋਟਾਂ ਪਈਆਂ ਸਨ ਪਰ ਐਤਕੀ ਅਕਾਲੀ ਦਲ ਆਪਣੇ ਬਲਬੂਤੇ ਮੈਦਾਨ ’ਚ ਹੈ।
ਫਿਰੋਜ਼ਪੁਰ ਤੋਂ 1998 ਤੋਂ 2019 ਤੱਕ ਅਕਾਲੀ ਦਲ ਉਮੀਦਵਾਰ ਹੀ ਜਿੱਤਦੇ ਆ ਰਹੇ ਹਨ। 2019 ’ਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ 2 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। 2014 ਦੀਆਂ ਚੋਣਾਂ ਵਿਚ ਅਕਾਲੀ ਦਲ ਤਰਫੋਂ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 31,420 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 2009 ਵਿਚ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੂੰ ਕਰੀਬ 21,071 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 1998,1999 ਅਤੇ 2004 ’ਚ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਤਿੰਨ ਵਾਰ ਚੋਣ ਜਿੱਤੇ ਸਨ। 2022 ’ਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ’ਤੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਪਰ ਤਿੰੰਨ ਹਲਕਿਆਂ ’ਚ ਅਕਾਲੀ ਦਲ ਦੂਸਰੇ ਸਥਾਨ ’ਤੇ ਰਿਹਾ ਸੀ ਜੋਕਿ ‘ਆਪ’ ਦੀ ਹਨੇਰੀ ’ਚ ਵੱਡੀ ਗੱਲ ਹੈ।

LEAVE A REPLY

Please enter your comment!
Please enter your name here