ਅੰਬੇਡਕਰ ਅਛੂਤ ਪ੍ਰਥਾ ਦੇ ਕੱਟੜ ਵਿਰੋਧੀ ਸਨ : ਰਜਿੰਦਰਪਾਲ, ਮਾੜੀਮੇਘਾ

0
231

ਤਰਨ ਤਾਰਨ : ਪੰਜਾਬ ਖੇਤ ਮਜ਼ਦੂਰ ਸਭਾ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਜ਼ਿਲ੍ਹਾ ਤਰਨ ਤਾਰਨ ਵੱਲੋਂ ਏਟਕ ਦੇ ਦਫ਼ਤਰ ਤਰਨ ਤਾਰਨ ਵਿਖੇ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਚਰਨ ਸਿੰਘ ਤਰਨ ਤਾਰਨ, ਬੀਬੀ ਵੀਰੋ ਸਾਂਡਪੁਰਾ ਤੇ ਕਮਲਜੀਤ ਸਿੰਘ ਨਾਗੋਕੇ ਨੇ ਕੀਤੀ।
ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਅੰਬੇਡਕਰ ਨੇ ਛੂਆਛਾਤ ਦਾ ਸਿਧਾਂਤਕ ਤੌਰ ’ਤੇ ਵਿਰੋਧ ਕੀਤਾ। ਉਨ੍ਹਾ ਆਪ ਵੀ ਮਨੁੱਖੀ ਵਿਤਕਰੇ ਦਾ ਘਾਤਕ ਵਿਰੋਧ ਹੰਢਾਇਆ ਸੀ। ਉਹ ਆਪ ਭਾਵੇਂ ਖਾਂਦੇ-ਪੀਂਦੇ ਪਰਵਾਰ ਦੇ ਰਹਿਣ ਵਾਲੇ ਸਨ, ਪਰ ਜਦੋਂ ਉਹ ਸਕੂਲ ਵਿੱਚ ਪੜ੍ਹਨ ਜਾਂਦੇ ਸਨ ਤਾਂ ਉਨ੍ਹਾ ਨੂੰ ਕਲਾਸ ਵਿੱਚ ਬਾਕੀ ਵਿਦਿਆਰਥੀਆਂ ਤੋਂ ਅਲੱਗ ਬਿਠਾਇਆ ਜਾਂਦਾ ਸੀ। ਇਸ ਕਰਕੇ ਕਿ ਉਹ ਇੱਕ ਅਛੂਤ ਪਰਵਾਰ ’ਚੋਂ ਸਨ। ਉਨ੍ਹਾ ਨੂੰ ਸਕੂਲ ਦਾ ਸੇਵਾਦਾਰ ਦੂਜੇ ਵਿਦਿਆਰਥੀਆਂ ਤੋਂ ਵੱਖਰਾ ਪਾਣੀ ਪਿਆਉਦਾ ਸੀ। ਅਜਿਹੀ ਸੀ ਅਛੂਤ ਭਾਵ ਦਲਿਤਾਂ ਦੀ ਹਾਲਤ। ਉਹ ਸਿੱਧਾ ਖੂਹ ਤੋਂ ਪਾਣੀ ਵੀ ਨਹੀਂ ਸਨ ਪੀ ਸਕਦੇ। ਉਸ ਵਕਤ ਨਲਕੇ ਤਾਂ ਘੱਟ ਹੀ ਸਨ। ਜਦ ਨਲਕੇ ਲੱਗ ਗਏ ਤਾਂ ਉਦੋਂ ਵੀ ਹਾਲਾਤ ਇਹ ਸਨ ਕਿ ਉਪਰਲੀ ਜਾਤ ਵਾਲੇ ਇਹਨਾਂ ਨੂੰ ਨਲਕੇ ਦਾ ਪਾਣੀ ਵੀ ਸਿੱਧਾ ਨਹੀਂ ਸੀ ਪੀਣ ਦਿੰਦੇ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੰਬੇਡਕਰ ਦੀ ਲਿਖੀ ਪੁਸਤਕ ਸਾਨੂੰ ਇਹ ਗਿਆਨ ਦਿੰਦੀ ਹੈ ਕਿ ਅਛੂਤ ਜਾਂ ਦਲਿਤ ਮਨੁੱਖ ਦੀ ਨਸਲ ਵਿੱਚ ਮੁੱਢੋਂ-ਸੁੱਢੋਂ ਹੀ ਨਹੀਂ ਸਨ, ਇਹ ਤਾਂ ਸਮੇਂ ਦੀ ਚਾਲ ਨੇ ਬਣਾਏ ਸਨ। ਮਨੁੱਖ ਝੁੰਡਾਂ ਭਾਵ ਗਰੁੱਪਾਂ ਵਿੱਚ ਰਹਿੰਦਾ ਤੇ ਖੁਰਾਕ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਰਹਿੰਦਾ ਸੀ, ਜਿਹੜਾ ਗਰੁੱਪ ਜਿੱਤ ਜਾਂਦਾ, ਉਹ ਖੁਰਾਕ ’ਤੇ ਕਾਬਜ਼ ਹੋ ਜਾਂਦਾ ਤੇ ਜਿਹੜਾ ਹਾਰ ਜਾਂਦਾ, ਉਹ ਭੁੱਖ ਨਾਲ ਵਿਲ੍ਹਕਦਾ ਰਹਿੰਦਾ। ਜਿੱਤੇ ਹੋਏ ਗਰੁੱਪ ’ਤੇ ਹਾਰੇ ਹੋਏ ਤੋਂ ਇਲਾਵਾ ਦੂਜੇ ਗਰੁੱਪ ਵੀ ਹਮਲੇ ਕਰਦੇ ਰਹਿੰਦੇ ਸਨ। ਇਸ ਪ੍ਰਸਥਿਤੀ ਵਿੱਚ ਪਹਿਲਾਂ ਜਿਹੜਾ ਜਿੱਤਿਆ ਗਰੁੱਪ ਉਹ ਉਸ ਵੱਲੋਂ ਹਰਾਏ ਹੋਏ ਗਰੁੱਪ ਦੇ ਨਾਲਦਿਆਂ ਨੂੰ ਇਸ ਕਰਕੇ ਰਹਿਣ ਤੇ ਖਾਣ-ਪੀਣ ਲਈ ਜਗ੍ਹਾ ਦੇ ਦਿੰਦਾ ਕਿ ਤੁਸੀਂ ਪਿੰਡ ਤੋਂ ਬਾਹਰ ਵਸੇਬਾ ਕਰੋਗੇ ਤੇ ਸਾਡੀ ਸੁਰੱਖਿਆ ਦਾ ਫਰਜ਼ ਨਿਭਾਓਗੇ, ਤਹਾਨੂੰ ਪਿੰਡ ਵਿੱਚ ਵੜਨ ਦਾ ਅਧਿਕਾਰ ਨਹੀਂ ਹੋਵੇਗਾ। ਤੁਸੀਂ ਮੁਰਦਿਆਂ ਨੂੰ ਮੜ੍ਹੀਆਂ ਤੱਕ ਪਹੁੰਚਾਉਣ ਦਾ ਕੰਮ ਕਰਿਆ ਕਰੋਗੇ। ਪਿੰਡ ਤੋਂ ਬਾਹਰ ਰਹਿਣ ਦੀ ਸੂਰਤ ਨੇ ਇਨ੍ਹਾਂ ਨੂੰ ਅਛੂਤ ਬਣਾ ਦਿੱਤਾ, ਜਦੋਂ ਕਿ ਮੌਜੂਦਾ ਹਾਲਾਤ ਇਹ ਹਨ ਕਿ ਇਹ ਸਮਾਂ ਵਹਿ ਚੁੱਕਾ ਹੈ, ਹੁਣ ਸਾਨੂੰ ਨਵੇਂ ਹਾਲਾਤ ਨਾਲ ਵਿਚਰਨਾ ਚਾਹੀਦਾ ਹੈ। ਮੌਜੂਦਾ ਸਮੇਂ ਵਿੱਚ ਵੀ ਮਿਹਨਤਕਸ਼ਾਂ ਨਾਲ ਖਾਂਦੇ-ਪੀਂਦੇ ਲੋਕਾਂ ਵੱਲੋਂ ਅਛੂਤਾਂ ਤੇ ਦਲਿਤਾਂ ਵਾਲਾ ਵਿਹਾਰ ਹੀ ਸਮਾਜ ਵਿੱਚ ਹੋ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਅਜਿਹੀ ਸਮਾਜ ਵਿਰੋਧੀ ਅਲਾਮਤ ਨੂੰ ਖਤਮ ਕਰਨ ਵਾਸਤੇ ਹਰੇਕ ਬੇਰੁਜ਼ਗਾਰ ਵਿਅਕਤੀ ਭਾਵੇਂ ਉਹ ਔਰਤ ਜਾਂ ਮਰਦ ਹੈ, ਨੂੰ ਰੁਜ਼ਗਾਰ ਦਿੱਤਾ ਜਾਵੇ। ਹਰੇਕ ਬੱਚੇ ਨੂੰ ਵਿਦਿਆ ਮੁਫ਼ਤ ਤੇ ਲਾਜ਼ਮੀ ਦਿੱਤੀ ਜਾਵੇ।
ਸਮਾਗਮ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਬਲਕਾਰ ਸਿੰਘ ਵਲਟੋਹਾ, ਏਟਕ ਆਗੂ ਅਜਮੇਰ ਸਿੰਘ ਕੱਲ੍ਹਾ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਟਹਿਲ ਸਿੰਘ ਲੱਧੂ, ਜੈਮਲ ਸਿੰਘ ਬਾਠ, ਰਾਜਗੋਬਿੰਦ ਸਿੰਘ, ਜਸਬੀਰ ਸਿੰਘ ਜਿਊਣੇਕੇ ਤੇ ਪਰਮਜੀਤ ਸਿੰਘ ਹਰੀਕੇ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here