ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦਾ ਨਤੀਜਾ 18 ਅਪ੍ਰੈਲ ਨੂੰ ਬਾਅਦ ਦੁਪਹਿਰ ਐਲਾਨੇਗਾ। ਪ੍ਰੀਖਿਆਰਥੀ 19 ਅਪ੍ਰੈਲ ਨੂੰ ਇਹ ਬੋਰਡ ਦੀ ਵੈੱਬਸਾਈਟ ’ਤੇ ਦੇਖ ਸਕਣਗੇ।
ਸੂ ਕੀ ਹੁਣ ਘਰ ’ਚ ਨਜ਼ਰਬੰਦ
ਬੈਂਕਾਕ : ਮਿਆਂਮਾਰ ਦੀ ਫੌਜ ਨੇ ਸੱਤਾ ਤੋਂ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਸਿਹਤ ਕਾਰਨ ਗੰਭੀਰ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਜੇਲ੍ਹ ਤੋਂ ਘਰ ’ਚ ਨਜ਼ਰਬੰਦ ਕਰ ਦਿੱਤਾ ਹੈ। 2021 ’ਚ ਫੌਜ ਨੇ ਚੁਣੀ ਹੋਈ ਸਰਕਾਰ ਨੂੰ ਬੇਦਖਲ ਕਰਕੇ ਸੱਤਾ ਸੰਭਾਲ ਲਈ ਸੀ ਅਤੇ ਸੂ ਕੀ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਸੀ।
ਭਾਰਤ ਦੇ ਫੈਸਲਿਆਂ ਨਾਲ ਅਮਰੀਕੀ ਕਿਸਾਨਾਂ ਨੂੰ ਫਾਇਦਾ
ਵਾਸ਼ਿੰਗਟਨ : ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਕਿਹਾ ਹੈ ਕਿ ਕਈ ਅਮਰੀਕੀ ਉਤਪਾਦਾਂ ’ਤੇ ਟੈਕਸ ਹਟਾਉਣ ਦੇ ਭਾਰਤ ਦੇ ਫੈਸਲੇ ਨੇ ਚਿੱਟੇ ਛੋਲਿਆਂ, ਦਾਲ, ਬਦਾਮ, ਅਖਰੋਟ ਅਤੇ ਸੇਬ ਦੇ ਅਮਰੀਕੀ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ ਤੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ। ਤਾਈ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਪਿਛਲੇ ਸਾਲ ਸਤੰਬਰ ’ਚ ਵਿਸ਼ਵ ਵਪਾਰ ਸੰਗਠਨ ਵਿਵਾਦ ਨੂੰ ਸੁਲਝਾਇਆ ਸੀ ਅਤੇ ਭਾਰਤ ਨੇ ਕਈ ਅਮਰੀਕੀ ਉਤਪਾਦਾਂ ’ਤੇ ਟੈਕਸ ਘਟਾਉਣ ਲਈ ਸਹਿਮਤੀ ਦਿੱਤੀ ਸੀ। ਇਸ ਦਾ ਮਤਲਬ ਹੈ ਅਮਰੀਕੀ ਛੋਲਿਆਂ, ਦਾਲ, ਬਦਾਮ, ਅਖਰੋਟ ਅਤੇ ਸੇਬ ਲਈ ਭਾਰਤ ਤੱਕ ਪਹੁੰਚ ਸੌਖੀ ਹੋ ਗਈ ਤੇ ਇਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਲਾਭ ਹੋਵੇਗਾ।
ਖੁਦਕੁਸ਼ੀ ਲਈ ਜ਼ਰੂਰੀ ਨਹੀਂ…
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਜਸਟਿਸ ਅਮਿਤ ਮਹਾਜਨ ਨੇ ਮਹਿਲਾ ਤੇ ਉਸ ਦੇ ਦੋਸਤ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਕਮਜ਼ੋਰ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਕੀਤੇ ਗਲਤ ਫੈਸਲੇ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜੇ ਪ੍ਰੇਮੀ ਪ੍ਰੇਮ ’ਚ ਅਸਫਲਤਾ, ਵਿਦਿਆਰਥੀ ਪ੍ਰੀਖਿਆ ’ਚ ਮਾੜੇ ਪ੍ਰਦਰਸ਼ਨ ਤੇ ਮੁਦਈ ਕੇਸ ਖਾਰਜ ਹੋਣ ਕਾਰਨ ਖੁਦਕੁਸ਼ੀ ਕਰਦਾ ਹੈ ਤਾਂ ਇਨ੍ਹਾਂ ਮਾਮਲਿਆਂ ’ਚ ਕ੍ਰਮਵਾਰ ਮਹਿਲਾ, ਅਧਿਆਪਕ ਤੇ ਵਕੀਲ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ।




