ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਵੀ ਡੀ ਐੱਸ ਦੀ ਸਮਾਂ ਹੱਦ 15 ਸਤੰਬਰ ਤੱਕ ਵਧਾਈ

0
413

ਚੰਡੀਗੜ੍ਹ (ਗੁਰਜੀਤ ਬਿੱਲਾ)
ਟਿਊਬਵੈੱਲਾਂ ਦਾ ਲੋਡ ਵਧਾਉਣ ਦੇ ਇੱਛੁਕ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਡ ਵਧਾਉਣ ਲਈ ਸਵੈ-ਇੱਛਾ ਨਾਲ ਲੋਡ ਦਾ ਖੁਲਾਸਾ ਸਕੀਮ (ਵੀ ਡੀ ਐੱਸ) ਦੀ ਮਿਤੀ 15 ਸਤੰਬਰ ਤੱਕ ਵਧਾ ਦਿੱਤੀ ਹੈ | ਹੋਰ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸੂਬੇ ਦੇ ਅੰਨਦਾਤਿਆਂ ਦੀ ਸਹੂਲਤ ਲਈ ਕੀਤਾ ਗਿਆ ਹੈ | ਉਨ੍ਹਾ ਕਿਹਾ ਕਿ ਸੂਬਾ ਸਰਕਾਰ ਨੇ 10 ਜੂਨ ਨੂੰ ਵੀ ਡੀ ਐੱਸ 45 ਦਿਨਾਂ ਲਈ 24 ਜੁਲਾਈ ਤੱਕ ਸ਼ੁਰੂ ਕੀਤੀ ਸੀ, ਜਿਸ ਤਹਿਤ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਬੀ ਐੱਚ ਪੀ ਕੀਤੀ ਗਈ ਸੀ | ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾ ਲਈ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ ਸੂਬੇ ਦੇ 1.28 ਲੱਖ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਲੈ ਕੇ 123 ਕਰੋੜ ਰੁਪਏ ਬਚਾਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਤੋਂ ਮਿਲੇ ਵੱਡੇ ਹੁੰਗਾਰੇ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ ਇਸ ਸਕੀਮ ਨੂੰ 15 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ | ਉਨ੍ਹਾ ਦੱਸਿਆ ਕਿ ਜਿਹੜੇ ਕਿਸਾਨ ਆਪਣੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੇ ਇੱਛੁਕ ਹਨ, ਉਹ ਸਤੰਬਰ ਦੇ ਅੱਧ ਤੱਕ ਬਿਨੈ ਕਰ ਸਕਦੇ ਹਨ | ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਘਟੀਆਂ ਹੋਈਆਂ ਦਰਾਂ ਉਤੇ ਲੋਡ ਵਧਾਉਣ ਲਈ ਬਿਨੈ ਕਰਨ | ਖੇਤੀਬਾੜੀ ਨੂੰ ਲਾਭ ਵਾਲਾ ਕਿੱਤਾ ਬਣਾਉਣ ਦੀ ਸੂਬਾ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਇਸ ਦਿਸ਼ਾ ਵਿੱਚ ਸਹੀ ਕਦਮ ਹੈ | ਉਨ੍ਹਾ ਕਿਹਾ ਕਿ ਪੰਜਾਬ ਦਾ ਅਰਥਚਾਰਾ ਖੇਤੀਬਾੜੀ ਆਧਾਰਤ ਹੈ ਅਤੇ ਵਸੋਂ ਦਾ ਵੱਡਾ ਹਿੱਸਾ ਖੇਤੀਬਾੜੀ ਉਤੇ ਨਿਰਭਰ ਕਰਦਾ ਹੈ | ਸੂਬਾ ਸਰਕਾਰ ਦੇ ਇਸ ਕਦਮ ਦਾ ਉਦੇਸ਼ ਲਾਗਤਾਂ ਘਟਾ ਕੇ ਕਿਸਾਨਾਂ ਦਾ ਲਾਭ ਵਧਾਉਣਾ ਹੈ |

LEAVE A REPLY

Please enter your comment!
Please enter your name here