ਜਲੰਧਰ (ਸੁਰਿੰਦਰ ਕੁਮਾਰ)
ਜਲੰਧਰ ਦੇ ਰਾਮਾ ਮੰਡੀ ‘ਚ ਇੱਕ ਨਿੱਜੀ ਹਸਪਤਾਲ ਖਿਲਾਫ਼ ਸਾਬਕਾ ਸੈਨਿਕਾਂ ਨੇ ਮੋਰਚਾ ਖੋਲ੍ਹ ਦਿੱਤਾ | ਹਸਪਤਾਲ ਮਿਲਟਰੀ ਹੈੱਲਥ ਸਰਵਿਸਿਜ਼ ਦੇ ਤਹਿਤ ਕੰਟਰੈਕਟ ਹੈ | ਸਾਬਕਾ ਸੈਨਿਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਸਾਡੇ ਮੈਂਬਰ ਦੀ ਹਸਪਤਾਲ ‘ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਮੌਤ ਹੋ ਗਈ, ਉਪਰੋਂ ਪੁਲਸ ਨੇ ਕੇਸ ਵੀ ਨਿੱਜੀ ਹਸਪਤਾਲ ਵੱਲੋਂ ਉਨ੍ਹਾਂ ਖਿਲਾਫ਼ ਦਰਜ ਕਰ ਲਿਆ |
ਮਾਮਲਾ ਇਹ ਹੈ ਕਿ ਪਿਛਲੇ ਦਿਨੀਂ ਸੜਕ ਹਾਦਸੇ ‘ਚ ਇੱਕ ਸਾਬਕਾ ਸੈਨਿਕ ਬਲਵੰਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ | ਦੇਰ ਰਾਤ ਉਸ ਨੂੰ ਨਿੱਜੀ ਹਸਪਤਾਲ ‘ਚ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਸਾਬਕਾ ਸੈਨਿਕ ਦੀ ਮੌਤ ਹੋ ਗਈ | ਇਸ ਦੌਰਾਨ ਸਾਬਕਾ ਸੈਨਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਆਪਣਾ ਬੁਲੇਟ ਮੋਟਰਸਾਈਕਲ ਹਸਪਤਾਲ ਪਾਰਕਿੰਗ ‘ਚ ਲਾ ਕੇ ਆਰਮੀ ਹਸਪਤਾਲ ‘ਚ ਕੁਝ ਰਿਪੋਰਟਾਂ ਲੈਣ ਲਈ ਗਿਆ ਸੀ | ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਪਾਰਕਿੰਗ ‘ਚ ਖੜੇ ਮੋਟਰਸਾਈਕਲ ਦੀ ਹਵਾ ਕੱਢ ਦਿੱਤੀ ਗਈ | ਉਨ੍ਹਾ ਉਥੇ ਤਾਇਨਾਤ ਸੁਰੱਖਿਆ ਗਾਰਡ ਤੋਂ ਪੁੱਛਿਆ ਤਾਂ ਦੋਵਾਂ ‘ਚ ਤੂੰ-ਤੂੰ, ਮੈਂ-ਮੈਂ ਹੋ ਗਈ ਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ | ਇਸ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਹੋ ਗਿਆ | ਹਸਪਤਾਲ ‘ਚ ਸਾਬਕਾ ਸੈਨਿਕ ਦੇ ਪਰਵਾਰ ਨਾਲ ਹੋਰ ਸਾਬਕਾ ਸੈਨਿਕ ਇਕੱਠੇ ਹੋ ਗਏ | ਇਸ ਦੌਰਾਨ ਹਸਪਤਾਲ ‘ਚ ਹੋਏ ਲੜਾਈ-ਝਗੜੇ ‘ਚ ਕੁਰਸੀਆਂ ਚੱਲੀਆਂ | ਰਾਤ ਨੂੰ ਹੋਏ ਇਸ ਹੰਗਾਮੇ ਨੂੰ ਪੁਲਸ ਨੇ ਆ ਕੇ ਸ਼ਾਂਤ ਕਰਾਇਆ ਸੀ, ਪਰ ਪੁਲਸ ਨੇ ਹਸਪਤਾਲ ਪ੍ਰਸ਼ਾਸਨ ਤੋਂ ਸ਼ਿਕਾਇਤ ਲੈ ਕੇ ਸਾਬਕਾ ਸੈਨਿਕ ਦੇ ਪਰਵਾਰ ਅਤੇ ਹੋਰ ਸਾਬਕਾ ਸੈਨਿਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ, ਪਰ ਸਾਬਕਾ ਸੈਨਿਕ ਦੇ ਪਰਵਾਰ ਅਤੇ ਹੋਰ ਲੋਕਾਂ ਦੇ ਬਿਆਨ ਦਰਜ ਨਹੀਂ ਕੀਤੇ ਸਨ |
ਇਸ ਦੇ ਵਿਰੋਧ ‘ਚ ਸ਼ਨੀਵਾਰ ਸਾਬਕਾ ਸੈਨਿਕ ਰਾਮਾ ਮੰਡੀ ‘ਚ ਪਹਿਲਾਂ ਨਿੱਜੀ ਹਸਪਤਾਲ ਦੇ ਬਾਹਰ ਇਕੱਠੇ ਹੋਏ ਤੇ ਹੁਸ਼ਿਆਰਪੁਰ ਰੋਡ ‘ਤੇ ਬੈਠ ਗਏ ਤੇ ਨਾਅਰੇਬਾਜ਼ੀ ਕੀਤੀ | ਇਸ ਤੋਂ ਬਾਅਦ ਸਾਬਕਾ ਸੈਨਿਕ ਪੀ ਏ ਪੀ ਚੌਕ ਵੱਲ ਆ ਗਏ ਤੇ ਉਥੇ ਧਰਨਾ ਲਾ ਕੇ ਬੈਠ ਗਏ | ਸਾਬਕਾ ਸੈਨਿਕਾ ਦੇ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਨੇ ਪੀ ਏ ਪੀ ਤੋਂ ਨਿਕਲਣ ਵਾਲੀ ਸਰਵਿਸ ਲੇਨ ਜਾਮ ਕਰ ਦਿੱਤੀ | ਇਸ ਤੋਂ ਬਾਅਦ ਸਾਬਕਾ ਸੈਨਿਕਾਂ ਦਾ ਇਕੱਠ ਜ਼ਿਆਦਾ ਹੋ ਗਿਆ ਤੇ ਉਨ੍ਹਾਂ ਨੇ ਹਾਈਵੇ ਜਾਮ ਕਰ ਦਿੱਤਾ | ਜਲੰਧਰ-ਲੁਧਿਆਣਾ ਸੜਕ ‘ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ | ਮੌਕੇ ‘ਤੇ ਪੁਲਸ ਅਧਿਕਾਰੀ ਪਹੁੰਚੇ, ਪਰ ਸਾਬਕਾ ਸੈਨਿਕ ਅੜੇ ਹੋਏ ਸਨ ਕਿ ਰਾਮਾ ਮੰਡੀ ਦੇ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਅਤੇ ਕੁੱਟਮਾਰ ਕਰਨ ਵਾਲੇ ਸਟਾਫ਼ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ, ਉਸ ਤੋਂ ਬਾਅਦ ਹੀ ਉਹ ਜਾਮ ਖੋਲਣਗੇ | ਸਾਬਕਾ ਸੈਨਿਕ ਮੰਗ ਕਰ ਰਹੇ ਸਨ ਕਿ ਪੁਲਸ ਪ੍ਰਸ਼ਾਸਨ ਨਿੱਜੀ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕਰੇ | ਜਿਨ੍ਹਾ ਲੋਕਾਂ ਨੇ ਹਸਪਤਾਲ ਦੇ ਅੰਦਰ ਪਹਿਲਾਂ ਹਮਲਾ ਕੀਤਾ ਹੈ, ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਸਾਬਕਾ ਸੈਨਿਕ ਦੇ ਇਲਾਜ ‘ਚ ਹਸਪਤਾਲ ਦੇ ਜਿਨ੍ਹਾਂ ਡਾਕਟਰਾਂ ਅਤੇ ਸਟਾਫ਼ ਨੇ ਲਾਪਰਵਾਹੀ ਕੀਤੀ ਹੈ, ਉਨ੍ਹਾਂ ਖਿਲਾਫ਼ ਵੀ ਕੇਸ ਦਰਜ ਕੀਤਾ ਜਾਵੇ |





