ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੀ ਧੀ ਗੋਆ ‘ਚ ‘ਗੈਰ-ਕਾਨੂੰਨੀ ਬਾਰ’ ਚਲਾ ਰਹੀ ਹੈ | ਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੂੰ ਬਰਖਾਸਤ ਕਰਨ ਦੀ ਵੀ ਅਪੀਲ ਕੀਤੀ ਹੈ | ਮੰਤਰੀ ਦੀ ਧੀ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ | ਕੇਂਦਰੀ ਮੰਤਰੀ ਦੀ ਧੀ ਦੇ ਵਕੀਲ ਕੀਰਤ ਨਾਗਰਾ ਨੇ ਬਿਆਨ ‘ਚ ਕਿਹਾ ਕਿ ਉਨ੍ਹਾ ਦੀ ਮੁਵੱਕਲ ਨਾ ਤਾਂ ‘ਸਿਲੀ ਸੋਲਸ’ ਨਾਮਕ ਰੈਸਟੋਰੈਂਟ ਦਾ ਮਾਲਕ ਹੈ ਅਤੇ ਨਾ ਹੀ ਉਸ ਨੂੰ ਚਲਾਉਂਦੀ ਹੈ ਅਤੇ ਨਾ ਹੀ ਉਸ ਨੂੰ ਕਿਸੇ ਅਥਾਰਟੀ ਵੱਲੋਂ ਕੋਈ ‘ਕਾਰਨ ਦੱਸੋ ਨੋਟਿਸ’ ਪ੍ਰਾਪਤ ਹੋਇਆ ਹੈ | ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਕੇਂਦਰੀ ਮੰਤਰੀ ਦੇ ਪਰਵਾਰ ‘ਤੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ | ਗੋਆ ‘ਚ ਉਨ੍ਹਾ ਦੀ ਧੀ ਵੱਲੋਂ ਚਲਾਏ ਜਾ ਰਹੇ ਰੈਸਟੋਰੈਂਟ ‘ਤੇ ਸ਼ਰਾਬ ਪਰੋਸਣ ਲਈ ਫਰਜ਼ੀ ਲਾਇਸੈਂਸ ਜਾਰੀ ਕਰਵਾਉਣ ਦਾ ਦੋਸ਼ ਹੈ ਅਤੇ ਇਹ ਕੋਈ ਦੋਸ਼ ਨਹੀਂ, ਸਗੋਂ ਸੂਚਨਾ ਦੇ ਅਧਿਕਾਰ (ਆਰ ਟੀ ਆਈ) ਤਹਿਤ ਪ੍ਰਾਪਤ ਜਾਣਕਾਰੀ ਹੈ |’ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸਿਮਰਤੀ ਇਰਾਨੀ ਨੇ ਕਿਹਾ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾਏਗੀ ਅਤੇ ਮੇਰੀ ਬੇਟੀ ‘ਤੇ ਗਲਤ ਦੋਸ਼ ਲਾਉਣ ਦੇ ਦੋਸ਼ਾਂ ‘ਚ ਕਾਂਗਰਸ ਨੂੰ ਸਬਕ ਸਿਖਾਏਗੀ | ਉਨ੍ਹਾ ਕਿਹਾ ਕਿ ਮੇਰੀ ਬੇਟੀ ਸਿਰਫ਼ 18 ਸਾਲ ਦੀ ਹੈ ਅਤੇ ਉਹ ਕਾਲਜ ਦੀ ਵਿਦਿਆਰਥਣ ਹੈ, ਉਹ ਬਾਰ ਨਹੀਂ ਚਲਾਉਂਦੀ ਤੇ ਨਾ ਹੀ ਰਾਜਨੀਤੀ ‘ਚ ਹੈ | ਇਰਾਨੀ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਪ੍ਰੈੱਸ ਕਾਨਫਰੰਸ ਕਰਕੇ ਜੋ ਮੇਰੀ ਬੇਟੀ ਉਪਰ ਬੇਬੁਨਿਆਦ ਦੋਸ਼ ਲਾਏ ਹਨ, ਉਹ ਸਾਰੇ ਗਾਂਧੀ ਪਰਵਾਰ ਦੇ ਇਸ਼ਾਰੇ ‘ਤੇ ਲਾਏ ਹਨ |