ਲੁਧਿਆਣਾ : ਇਥੇ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਵਿਚ ਅਦਾਲਤ ਨੇ ਗੁਆਂਢਣ ਨੀਲਮ ਨੂੰ ਵੀਰਵਾਰ ਮੌਤ ਦੀ ਸਜ਼ਾ ਸੁਣਾਈ।
ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ 12 ਅਪ੍ਰੈਲ ਨੂੰ ਸ਼ਿਮਲਾਪੁਰੀ ਦੀ 35 ਸਾਲਾ ਨੀਲਮ ਨੂੰ ਹਰਪ੍ਰੀਤ ਸਿੰਘ ਦੀ ਧੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ।
ਪੁਲਸ ਮੁਤਾਬਕ ਨੀਲਮ ਨੇ 28 ਨਵੰਬਰ 2021 ਨੂੰ ਸਲੇਮ ਟਾਬਰੀ ਇਲਾਕੇ ਵਿਚ ਟੋਆ ਪੁੱਟ ਕੇ ਦਿਲਰੋਜ਼ ਨੂੰ ਜ਼ਿੰਦਾ ਦਫਨਾ ਦਿੱਤਾ ਸੀ। ਦਿਲਰੋਜ਼ ਦੇ ਲਾਪਤਾ ਹੋਣ ਤੋਂ ਬਾਅਦ ਪੁਲਸ ਨੇ ਨੀਲਮ ਤੇ ਹੋਰਨਾਂ ਗੁਆਂਢੀਆਂ ਦੇ ਘਰਾਂ ਦੀ ਤਲਾਸ਼ੀ ਲਈ ਸੀ। ਨੀਲਮ ਨੇ ਉਦੋਂ ਦਿਲਰੋਜ਼ ਬਾਰੇ ਪਤਾ ਨਾ ਹੋਣ ਦੀ ਗੱਲ ਕਹੀ ਸੀ। ਉਸਨੇ ਬੜੇ ਨਾਰਮਲ ਢੰਗ ਨਾਲ ਪੁਲਸ ਨਾਲ ਗੱਲ ਕੀਤੀ ਸੀ। ਪਰ ਜਦੋਂ ਸੀ ਸੀ ਟੀ ਵੀ ਫੁਟੇਜ ਸਕੈਨ ਕੀਤੀ ਗਈ ਤਾਂ ਨੀਲਮ ਦਿਲਰੋਜ਼ ਨੂੰ ਸਕੂਟਰ ’ਤੇ ਬਿਠਾ ਕੇ ਲਿਜਾਂਦੀ ਨਜ਼ਰ ਆਈ। ਪੁੱਛਗਿੱਛ ਵਿਚ ਉਹ ਜੁਰਮ ਮੰਨ ਗਈ ਤੇ ਦੱਸ ਦਿੱਤਾ ਕਿ ਉਸਨੇ ਦਿਲਰੋਜ਼ ਨੂੰ ਟੋਏ ਵਿਚ ਦਫਨਾਇਆ। ਪੁਲਸ ਨੇ ਫਟਾਫਟ ਲਾਸ਼ ਕੱਢ ਕੇ ਡੀ ਐੱਮ ਸੀ ਲਿਆਂਦੀ, ਜਿੱਥੇ ਉਹ ਮਰ ਗਈ। ਘਟਨਾ ਤੋਂ ਕੁਝ ਦਿਨ ਪਹਿਲਾਂ ਨੀਲਮ ਦਾ ਹਰਪ੍ਰੀਤ ਸਿੰਘ ਤੇ ਉਸਦੀ ਪਤਨੀ ਨਾਲ ਮਾਮੂਲੀ ਮੁੱਦੇ ’ਤੇ ਝਗੜਾ ਹੋਇਆ ਸੀ। ਨੀਲਮ ਦੇ ਦੋ ਬੇਟੇ ਹਨ। ਗੁਰਪ੍ਰੀਤ ਹੁਰਾਂ ਨੀਲਮ ਦੇ ਬੇਟਿਆਂ ਨੂੰ ਖੱਪ ਪਾਉਣ ਤੋਂ ਰੋਕਿਆ ਸੀ। ਦੋਸ਼ ਨੂੰ ਸਾਬਤ ਕਰਨ ਲਈ 25 ਤੋਂ ਵੱਧ ਗਵਾਹ ਪੇਸ਼ ਕੀਤੇ ਗਏ ਸਨ। ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚੇ ਲਈ ਬਾਜ਼ਾਰ ਤੋਂ ਖਿਡੌਣੇ ਤੇ ਚੀਜ਼ਾਂ ਲਿਆਉਂਦਾ ਹੁੰਦਾ ਸੀ। ਨੀਲਮ ਦਾ ਤਲਾਕ ਹੋ ਚੁੱਕਾ ਸੀ ਤੇ ਉਹ ਆਪਣੇ ਬੱਚਿਆਂ ਲਈ ਚੀਜ਼ਾਂ ਨਹੀਂ ਲਿਆ ਪਾਉਦੀ ਸੀ। ਇਸੇ ਕਰਕੇ ਦਿਲਰੋਜ਼ ਤੋਂ ਸੜਦੀ ਸੀ।