ਯੂ ਪੀ ’ਚ ਰਾਜਪੂਤ ਬਨਾਮ ਬ੍ਰਾਹਮਣ

0
113

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 102 ਸੀਟਾਂ ’ਤੇ ਅੱਜ ਵੋਟਾਂ ਪੈ ਜਾਣੀਆਂ ਹਨ। ਇਨ੍ਹਾਂ ਵਿੱਚ 8 ਸੀਟਾਂ ਪੀਲੀਭੀਤ, ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਨਗੀਨਾ, ਮੁਰਾਦਾਬਾਦ, ਬਿਜਨੌਰ ਤੇ ਰਾਮਪੁਰ ਪੱਛਮੀ ਉੱਤਰ ਪ੍ਰਦੇਸ਼ ਦੀਆਂ ਹਨ। ਇਸ ਖੇਤਰ ਦੀਆਂ ਬਾਕੀ ਰਹਿੰਦੀਆਂ 8 ਸੀਟਾਂ ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮਬੁੱਧ ਨਗਰ, ਬੁਲੰਦ ਸ਼ਹਿਰ, ਅਲੀਗੜ੍ਹ ਤੇ ਰਾਮਪੁਰ ਉੱਤੇ ਵੋਟਾਂ ਦੂਜੇ ਗੇੜ ਵਿੱਚ 26 ਅਪ੍ਰੈਲ ਨੂੰ ਪੈਣਗੀਆਂ।
ਭਾਜਪਾ ਨੇ ਇਸ ਵਾਰ ਯੂ ਪੀ ਦੀਆਂ ਸਾਰੀਆਂ 80 ਸੀਟਾਂ ਜਿੱਤ ਜਾਣ ਦੀ ਭਵਿੱਖਬਾਣੀ ਕੀਤੀ ਹੈ। ਇਸ ਭਵਿੱਖਬਾਣੀ ਦਾ ਸੱਚ ਹਾਲਤ ਦੀ ਕਸੌਟੀ ਉੱਤੇ ਪਰਖਣ ਲਈ ‘ਸੱਤਿਆ ਹਿੰਦੀ’ ਦੇ ਪੱਤਰਕਾਰ ਨੇ ਇਸ ਖੇਤਰ ਅਧੀਨ ਆਉਂਦੇ ਕਈ ਹਲਕਿਆਂ ਦਾ ਦੌਰਾ ਕਰਕੇ ਆਪਣੀ ਰਿਪੋਰਟ ਛਾਪੀ ਹੈ। ਪੱਤਰਕਾਰ ਮੁਤਾਬਕ ਇਸ ਵਾਰ ਕਿਸੇ ਹਲਕੇ ਵਿੱਚ ਵੀ ਕਿਸੇ ਪਾਰਟੀ ਦੀ ਕੋਈ ਲਹਿਰ ਨਹੀਂ ਹੈ ਤੇ ਨਾ ਹੀ ਚੋਣ ਪ੍ਰਚਾਰ ਦਾ ਬਹੁਤਾ ਰੌਲਾ ਹੈ।
ਕੇਂਦਰ ਤੇ ਰਾਜ ਵਿਚਲੀ ਸੱਤਾਧਾਰੀ ਪਾਰਟੀ ਭਾਜਪਾ ਦੇ ਵਰਕਰਾਂ ਵਿੱਚ ਵੀ 2014 ਤੇ 2019 ਦੀਆਂ ਚੋਣਾਂ ਸਮੇਂ ਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਉਲਟਾ ਹਰ ਥਾਂ ਭਾਜਪਾ ਅੰਦਰ ਅੰਦਰੂਨੀ ਕਲੇਸ਼ ਸਿਖਰਾਂ ਉੱਤੇ ਹੈ। ਹਰ ਥਾਂ ਭਾਜਪਾ ਦੋ ਗੁੱਟਾਂ ਵਿੱਚ ਵੰਡੀ ਹੋਈ ਹੈ। ਇੱਕ ਗੁੱਟ ਮੋਦੀ ਤੇ ਅਮਿਤ ਸ਼ਾਹ ਦਾ ਹੈ, ਜੋ ਉਮੀਦਵਾਰਾਂ ਦੀ ਮੁਹਿੰਮ ਚਲਾ ਰਿਹਾ ਹੈ ਤੇ ਦੂਜਾ ਗੁੱਟ ਯੋਗੀ ਅਦਿੱਤਿਆਨਾਥ ਦਾ ਹੈ, ਜਿਸ ਵਿੱਚ ਸਥਾਨਕ ਵਰਕਰ ਸ਼ਾਮਲ ਹਨ, ਜੋ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਮੋਦੀ ਇਸ ਵਾਰ ਜ਼ਿਆਦਾ ਬਹੁਮਤ ਲੈ ਗਏ ਤਾਂ ਯੋਗੀ ਅਦਿੱਤਿਆਨਾਥ ਦਾ ਹਟਣਾ ਪੱਕਾ ਹੈ। ਦੂਜੇ ਪਾਸੇ ਮੋਦੀ-ਸ਼ਾਹ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਯੋਗੀ ਦੇ ਖੰਭ ਨਾ ਕੁਤਰੇ ਗਏ ਤਾਂ ਉਹ ਮੋਦੀ ਨੂੰ ਸਿੱਧੀ ਚੁਣੌਤੀ ਦੇਣ ਲੱਗ ਜਾਣਗੇ।
ਰਾਜਪੂਤ ਲਗਾਤਾਰ ਮਹਾਂਪੰਚਾਇਤਾਂ ਕਰਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦੇ ਰਹੇ ਹਨ। ਆਖਰੀ ਪੰਚਾਇਤ ਪਿਛਲੇ ਮੰਗਲਵਾਰ ਮੁਜ਼ੱਫਰਨਗਰ ਸੀਟ ਅਧੀਨ ਆਉਂਦੇ ਖੇੜਾ ਪਿੰਡ ਵਿੱਚ ਹੋਈ ਸੀ। ਇਸੇ ਥਾਂ 2013 ਨੂੰ ਰਾਜਪੂਤਾਂ ਦੀ ਚੌਬੀਸੀ (24 ਪਿੰਡ) ਪੰਚਾਇਤ ਹੋਈ ਸੀ। ਮਹਾਂਪੰਚਾਇਤ ਮੌਕੇ ਆਗੂਆਂ ਨੇ ਕਿਹਾ ਕਿ 2013 ਵਿੱਚ ਇਸੇ ਥਾਂ ਤੋਂ ਭਾਜਪਾ ਦੇ ਰਾਜ ਸੱਤਾ ਹਾਸਲ ਕਰਨ ਦਾ ਮੁੱਢ ਬੱਝਾ ਸੀ, ਹੁਣ 10 ਸਾਲ ਬਾਅਦ ਇਹੋ ਥਾਂ ਭਾਜਪਾ ਦੀ ਹਾਰ ਦਾ ਕਾਰਨ ਬਣੇਗੀ। ਇਸ ਮੌਕੇ ’ਤੇ ਮਹਾਂਪੰਚਾਇਤ ਵੱਲੋਂ ਮੁਜ਼ੱਫਰਨਗਰ ਤੋਂ ਭਾਜਪਾ ਦੇ ਸੰਜੀਵ ਬਲਿਆਨ ਨੂੰ ਹਰਾਉਣ ਲਈ ਸਪਾ ਦੇ ਹਰੇਂਦਰ ਮਲਿਕ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਸੰਜੀਵ ਬਲਿਆਨ ਉੱਤੇ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਉਸ ਨੇ ਰਾਜਪੂਤ ਆਗੂਆਂ ਸੰਗੀਤ ਸੋਮ ਤੇ ਸੁਰੇਸ਼ ਰਾਣਾ ਨੂੰ ਹਰਾਇਆ ਸੀ।
ਰਾਜਪੂਤ ਗਾਜ਼ੀਆਬਾਦ ਹਲਕੇ ਤੋਂ ਵੀ ਕੇ ਸਿੰਘ ਦਾ ਟਿਕਟ ਕੱਟਣ ਤੋਂ ਔਖੇ ਹਨ। ਵੀ ਕੇ ਸਿੰਘ ਪਿਛਲੀ ਵਾਰ 5 ਲੱਖ ਤੋਂ ਵੱਧ ਦੇ ਫ਼ਰਕ ਨਾਲ ਜਿੱਤੇ ਸਨ। ਇਸ ਸੀਟ ਉੱਤੇ ਰਾਜਪੂਤ ਅਬਾਦੀ 5.7 ਲੱਖ, ਮੁਸਲਮਾਨ 5.5 ਲੱਖ, ਬ੍ਰਾਹਮਣ 4.5 ਲੱਖ, ਦਲਿਤ 4.5 ਲੱਖ, ਬਾਣੀਆ 2.5 ਲੱਖ, ਜਾਟ 1.25 ਲੱਖ, ਪੰਜਾਬੀ 1 ਲੱਖ, ਤਿਆਗੀ 75 ਹਜ਼ਾਰ ਤੇ ਗੁੱਜਰ 70 ਹਜ਼ਾਰ ਹੈ। ਭਾਜਪਾ ਨੇ ਅਤੁਲ ਗਰਗ ਨੂੰ ਉਮੀਦਵਾਰ ਬਣਾਇਆ ਹੈ, ਬਸਪਾ ਨੇ ਠਾਕੁਰ ਨੰਦ ਕਿਸ਼ੋਰ ਤੇ ਸਪਾ ਨੇ ਡਾਲੀ ਸ਼ਰਮਾ ਨੂੰ ਖੜ੍ਹਾ ਕੀਤਾ ਹੈ। ਇਸ ਵਾਰ ਹਿੰਦੂ ਰਾਜਪੂਤ ਤੇ ਮੁਸਲਮਾਨ ਰਾਜਪੂਤ ਭਾਜਪਾ ਨੂੰ ਹਰਾਉਣ ਲਈ ਇੱਕ-ਮਿੱਕ ਹਨ।
ਗੌਤਮਬੁੱਧ ਨਗਰ ਸੀਟ ਉੱਤੇ ਭਾਜਪਾ ਦੇ ਇੱਕ ਆਗੂ ਨੇ ਪੱਤਰਕਾਰ ਨੂੰ ਦੱਸਿਆ ਕਿ ਇਸ ਸਮੇਂ ਭਾਜਪਾ ਵਿੱਚ ਰਾਜਪੂਤ ਬਨਾਮ ਬ੍ਰਾਹਮਣ ਦੀ ਜੰਗ ਜ਼ੋਰਾਂ ਉੱਤੇ ਹੈ। ਭਾਜਪਾ ਨੇ ਮਹੇਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ ਤੇ ਬਸਪਾ ਨੇ ਰਾਜੇਂਦਰ ਸਿੰਘ ਸੌਲੰਕੀ ਨੂੰ ਖੜ੍ਹਾ ਕੀਤਾ ਹੈ। ਭਾਜਪਾ ਦੀ ਫੁੱਟ ਦਾ ਲਾਭ ਬਸਪਾ ਨੂੰ ਮਿਲ ਸਕਦਾ ਹੈ। ਸਪਾ ਉਮੀਦਵਾਰ ਦੀ ਹਾਲਤ ਕਮਜ਼ੋਰ ਹੈ। ਕੈਰਾਨਾ ਸੀਟ ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹਿਆਂ ਦੀਆਂ ਵਿਧਾਨ ਸਭਾ ਸੀਟਾਂ ਨੂੰ ਮਿਲ ਕੇ ਬਣੀ ਹੈ। ਇਥੋਂ ਭਾਜਪਾ ਨੇ ਗੁੱਜਰ ਜਾਤ ਦੇ ਪ੍ਰਦੀਪ ਚੌਧਰੀ ਨੂੰ ਖੜ੍ਹਾ ਕੀਤਾ ਹੈ ਤੇ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਲੰਡਨ ਤੋਂ ਪੜ੍ਹੀ ਇਕਰਾ ਹਸਨ ਹੈ। ਉਸ ਦਾ ਪਿਤਾ ਤੇ ਮਾਂ ਸਾਂਸਦ ਰਹਿ ਚੁੱਕੇ ਹਨ ਤੇ ਭਰਾ ਕੈਰਾਨਾ ਤੋਂ ਵਿਧਾਇਕ ਹਨ। ਇਸ ਹਲਕੇ ਵਿੱਚ ਜਾਟ ਵੋਟ ਬਹੁਤ ਹੈ। ਇਹ ਭਾਈਚਾਰਾ ਇਕਰਾ ਹਸਨ ਨਾਲ ਹੈ। ਬੁਲੰਦਪੁਰ ਸੀਟ ਦਲਿਤਾਂ ਲਈ ਰਿਜ਼ਰਵ ਹੈ। ਇੱਥੇ ਵੀ ਰਾਜਪੂਤ ਬਨਾਮ ਬ੍ਰਾਹਮਣ ਦੀ ਲੜਾਈ ਦਾ ਫਾਇਦਾ ਬਸਪਾ ਦੇ ਉਮੀਦਵਾਰ ਸਾਂਸਦ ਗਿਰੀਸ਼ ਚੰਦਰ ਨੂੰ ਮਿਲਦਾ ਲੱਗ ਰਿਹਾ ਹੈ। ਸ਼ਾਇਦ ਕਿਸੇ ਅੰਦਰੂਨੀ ਸਮਝੌਤੇ ਕਾਰਨ ਹੀ ਇਨ੍ਹਾਂ ਸੀਟਾਂ ਉੱਤੇ ਇੰਡੀਆ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ। ਸਹਾਰਨਪੁਰ, ਬਿਜਨੌਰ, ਪੀਲੀਭੀਤ, ਰਾਮਪੁਰ ਤੇ ਨਗੀਨਾ ਸੀਟਾਂ ਉੱਤੇ ਵੀ ਰਾਜਪੂਤ ਖੁੱਲ੍ਹੇਤੌਰ ਉੱਤੇ ਭਾਜਪਾ ਦਾ ਵਿਰੋਧ ਕਰ ਰਹੇ ਹਨ। ਭਾਜਪਾ ਨੇ ਰਾਜਪੂਤਾਂ ਦੀ ਬਗਾਵਤ ਸ਼ਾਂਤ ਕਰਨ ਲਈ ਰਾਜਨਾਥ ਸਿੰਘ ਤੇ ਦੀਆ ਕੁਮਾਰੀ ਨੂੰ ਭੇਜਿਆ ਸੀ ਪਰ ਉਹ ਰਾਜਪੂਤ ਆਗੂਆਂ ਨੂੰ ਮਨਾਉਣ ਵਿੱਚ ਸਫ਼ਲ ਨਹੀਂ ਹੋਏ।

LEAVE A REPLY

Please enter your comment!
Please enter your name here