ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਕਮਿਸ਼ਨਰੇਟ ਪੁਲਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲਾਂ ਅਤੇ 1 ਕਿਲੋ ਅਫੀਮ ਬਰਾਮਦ ਕੀਤੀ ਹੈ |
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੂਹ ਮਿਲੀ ਸੀ ਕਿ ਬੰਬੀਹਾ ਗੈਂਗ ਦੇ ਦੋ ਖੌਫਨਾਕ ਗੈਂਗਸਟਰ ਆਪਣੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਸ਼ਹਿਰ ਵਿੱਚ ਸਰਗਰਮ ਸਨ | ਪੁਲਸ ਨੇ ਅਨਿਲ ਕੁਮਾਰ ਉਰਫ ਰੌਕੀ ਵਾਸੀ ਕਬੀਰ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ 32 ਬੋਰ ਦਾ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਰੌਕੀ ਖਿਲਾਫ 20 ਤੋਂ ਵੱਧ ਕੇਸ ਪੈਂਡਿੰਗ ਹਨ ਅਤੇ ਉਹ ਸੂਬੇ ਭਰ ਵਿੱਚ ਅੱਠ ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਹੈ | ਰੌਕੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦਾ ਇੱਕ ਸਾਥੀ ਮੁਕੇਸ਼ ਸ਼ਰਮਾ ਉਰਫ ਮੁੰਨਾ ਵਾਸੀ ਪਿੰਡ ਟੋਪਾ (ਬਿਹਾਰ) ਮੌਜੂਦਾ ਸਮੇਂ ਕਰੋਲ ਬਾਗ ਵਿੱਚ ਰਹਿੰਦਾ ਹੈ, ਵੀ ਇਸ ਸਾਜ਼ਿਸ਼ ਦਾ ਹਿੱਸਾ ਸੀ | ਉਨ੍ਹਾ ਕਿਹਾ ਕਿ ਮੁੰਨਾ ਨੂੰ ਪਹਿਲਾਂ ਹੀ ਐੱਨ ਡੀ ਪੀ ਐੱਸ ਦੇ ਤਿੰਨ ਕੇਸਾਂ ਵਿੱਚ ਭਗੌੜਾ ਐਲਾਨ ਕੀਤਾ ਗਿਆ ਸੀ ਅਤੇ ਉਹ ਪੁਲਸ ਨੂੰ ਲੋੜੀਂਦਾ ਸੀ | ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮੁੰਨਾ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਅਫੀਮ, ਦੋ ਪਿਸਤੌਲ 32 ਬੋਰ, ਚਾਰ ਮੈਗਜ਼ੀਨ ਅਤੇ ਛੇ ਕਾਰਤੂਸ ਬਰਾਮਦ ਕੀਤੇ ਹਨ |





