ਨਵੀਂ ਦਿੱਲੀ : ਆਬਕਾਰੀ ਘੁਟਾਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਅੰਦਰ ਇਨਸੁਲਿਨ ਮੁਹੱਈਆ ਕਰਵਾਉਣ ਦੀ ਮੰਗ ਸੰਬੰਧੀ ਦਾਇਰ ਪਟੀਸ਼ਨ ‘ਤੇ ਸ਼ੁੱਕਰਵਾਰ ਸੁਣਵਾਈ ਹੋਈ | ਅਦਾਲਤ ਫੈਸਲਾ ਸੋਮਵਾਰ ਸੁਣਾਏਗੀ |
ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਦਲੀਲ ਦਿੱਤੀ ਕਿ ਕੇਜਰੀਵਾਲ 22 ਸਾਲਾਂ ਤੋਂ ਸ਼ੂਗਰ ਤੋਂ ਪੀੜਤ ਹਨ, ਜਿਸ ਲਈ ਉਨ੍ਹਾ ਨੂੰ ਰੋਜ਼ਾਨਾ ਇਨਸੁਲਿਨ ਦੀ ਲੋੜ ਹੁੰਦੀ ਹੈ | ਉਨ੍ਹਾ ਕਿਹਾ ਕਿ ਕੇਜਰੀਵਾਲ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾ ਦੇ ਸ਼ੂਗਰ ਲੈਵਲ ਦੀ ਲਗਾਤਾਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ | ਸਿੰਘਵੀ ਨੇ ਸ਼ੂਗਰ ਲੈਵਲ ‘ਤੇ ਨਜ਼ਰ ਰੱਖਣ ਵਾਲੇ ਕੇਜਰੀਵਾਲ ਦੇ ਚਾਰਟ ਦਾ ਹਵਾਲਾ ਦਿੱਤਾ | ਅੰਬ ਖਾਣ ਨੂੰ ਲੈ ਕੇ ਈ ਡੀ ਦੇ ਬਿਆਨ ‘ਤੇ ਸਿੰਘਵੀ ਨੇ ਕਿਹਾ ਕਿ ਕੇਜਰੀਵਾਲ ਨੂੰ ਸਿਰਫ ਤਿੰਨ ਵਾਰ ਅੰਬ ਜੇਲ੍ਹ ਭੇਜੇ ਗਏ | 8 ਅਪ੍ਰੈਲ ਤੋਂ ਬਾਅਦ ਅੰਬ ਨਹੀਂ ਭੇਜੇ ਗਏ | ਕੇਜਰੀਵਾਲ ਨੇ ਚਾਹ ‘ਚ ਸ਼ੂਗਰ ਫਰੀ ਦੀ ਵਰਤੋਂ ਕੀਤੀ | ਉਨ੍ਹਾ ਦੇ ਆਲੂ-ਪੂੜੀ ਖਾਣ ਦਾ ਦੋਸ਼ ਬਿਲਕੁਲ ਗਲਤ ਦੋਸ਼ ਹੈ | ਭੇਜੇ ਗਏ 48 ਖਾਣੇ ‘ਚੋਂ ਸਿਰਫ ਇਕ ਵਾਰ ਕੇਜਰੀਵਾਲ ਨੇ ਆਲੂ ਪੂੜੀ ਨਵਰਾਤਰੇ ਦੇ ਪ੍ਰਸਾਦ ਵਜੋਂ ਖਾਧੀ |
ਸਿੰਘਵੀ ਨੇ ਕਿਹਾ-ਮੈਂ ਅਦਾਲਤ ਨੂੰ ਬੇਨਤੀ ਕਰ ਰਿਹਾ ਹਾਂ ਕਿ ਜੇਲ੍ਹ ਸੁਪਰਡੈਂਟ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾਣ ਕਿ ਕੇਜਰੀਵਾਲ ਨੂੰ ਢੱੁਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ | ਕੀ ਮੇਰਾ ਮੁਵੱਕਲ ਗੈਂਗਸਟਰ ਹੈ? ਕੀ ਉਹ ਅਜਿਹਾ ਕਠੋਰ ਅਪਰਾਧੀ ਹੈ ਕਿ ਉਹ ਹਰ ਰੋਜ਼ ਆਪਣੇ ਡਾਕਟਰ ਨਾਲ 15 ਮਿੰਟ ਵੀ ਨਹੀਂ ਸੀ ਲੈ ਸਕਦਾ? ਕੇਜਰੀਵਾਲ ਦੇ ਇਕ ਹੋਰ ਵਕੀਲ ਰਮੇਸ਼ ਗੁਪਤਾ ਨੇ ਕਿਹਾ-ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਜੇਲ੍ਹ ਪ੍ਰਸ਼ਾਸਨ ਦੀ ਤਰਫੋਂ ਕੋਈ ਵਿਸ਼ੇਸ਼ ਵਕੀਲ ਵੀ ਮੌਜੂਦ ਹੈ | ਜੇਕਰ ਆਮ ਆਦਮੀ ਅੰਬ ਨਹੀਂ ਖਾਵੇਗਾ ਤਾਂ ਕੀ ਉਹ ਖੁੰਬ ਖਾਵੇਗਾ?
ਈ ਡੀ ਨੇ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਬਹੁਤ ਅੰਬ ਖਾ ਰਹੇ ਹਨ ਤਾਂ ਕਿ ਸ਼ੂਗਰ ਵਧ ਜਾਵੇ ਤੇ ਉਹ ਮੈਡੀਕਲ ਆਧਾਰ ‘ਤੇ ਜ਼ਮਾਨਤ ਲੈ ਸਕਣ |





