ਬੰਗਾਲ ‘ਚ ਭਰਵੀਂ ਤੇ ਬਿਹਾਰ ‘ਚ ਹਲਕੀ ਵੋਟਿੰਗ

0
167

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਸ਼ੁੱਕਰਵਾਰ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਸ਼ਾਮ ਪੰਜ ਵਜੇ ਤੱਕ ਔਸਤਨ 59.7 ਫੀਸਦੀ ਵੋਟਿੰਗ ਹੋਈ | ਲੋਕ ਸਭਾ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਲਈ ਵੀ ਵੋਟਾਂ ਪਈਆਂ |
ਬੰਗਾਲ ਦੀਆਂ ਤਿੰਨ ਸੀਟਾਂ ਲਈ ਸਭ ਤੋਂ ਵੱਧ 77.57 ਫੀਸਦੀ ਤੇ ਬਿਹਾਰ ਦੀਆਂ ਚਾਰ ਸੀਟਾਂ ਲਈ ਸਭ ਤੋਂ ਘੱਟ 46.32 ਫੀਸਦੀ ਵੋਟਿੰਗ ਹੋਈ | ਆਸਾਮ ਦੀਆਂ ਪੰਜ ਸੀਟਾਂ ਲਈ 70.77 ਫੀਸਦੀ, ਮੱਧ ਪ੍ਰਦੇਸ਼ ਵਿਚ 63.25 ਫੀਸਦੀ, ਮਹਾਰਾਸ਼ਟਰ ਦੀਆਂ ਪੰਜ ਸੀਟਾਂ ਲਈ 54.85 ਫੀਸਦੀ, ਰਾਜਸਥਾਨ ਦੀਆਂ 12 ਸੀਟਾਂ ਲਈ 50.27 ਫੀਸਦੀ, ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਲਈ 62.08 ਫੀਸਦੀ, ਯੂ ਪੀ ਦੀਆਂ 8 ਸੀਟਾਂ ਲਈ 57.54 ਫੀਸਦੀ, ਉਤਰਾਖੰਡ ਦੀਆਂ ਪੰਜ ਸੀਟਾਂ ਲਈ 53.56 ਫੀਸਦੀ ਵੋਟਿੰਗ ਹੋਈ | ਛੱਤੀਸਗੜ੍ਹ ਦੇ ਇੱਕੋ-ਇੱਕ ਬਸਤਰ ਹਲਕੇ ‘ਚ 63.41 ਫੀਸਦੀ ਵੋਟਾਂ ਪਈਆਂ | ਜੰਮੂ-ਕਸ਼ਮੀਰ ਦੀ ਊਧਮਪੁਰ ਸੀਟ ‘ਤੇ 65.08 ਫੀਸਦੀ ਵੋਟਿੰਗ ਹੋਈ |
ਪੱਛਮੀ ਬੰਗਾਲ ‘ਚ ਵੋਟਿੰਗ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ | ਛੱਤੀਸਗੜ੍ਹ ‘ਚ ਆਈ ਈ ਡੀ ਧਮਾਕੇ ‘ਚ ਸੀ ਆਰ ਪੀ ਐੱਫ ਦਾ ਕਮਾਂਡੈਂਟ ਜ਼ਖਮੀ ਹੋ ਗਿਆ | ਤਾਮਿਲਨਾਡੂ, ਅਰੁਣਾਚਲ, ਅੰਡੇਮਾਨ ਤੇ ਨਿਕੋਬਾਰ ਅਤੇ ਅਸਾਮ ਦੇ ਕੁਝ ਬੂਥਾਂ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਮਾਮੂਲੀ ਤਕਨੀਕੀ ਖਰਾਬੀ ਵੀ ਸਾਹਮਣੇ ਆਈ |
ਨਾਗਪੁਰ ਤੋਂ ਨਿਤਿਨ ਗਡਕਰੀ ਸਣੇ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਈ |
ਪਹਿਲੇ ਗੇੜ ਦੀਆਂ 102 ਲੋਕ ਸਭਾ ਸੀਟਾਂ ‘ਚੋਂ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੇ 2019 ‘ਚ 41 ਤੇ ਯੂ ਪੀ ਏ ਨੇ 45 ਸੀਟਾਂ ਜਿੱਤੀਆਂ ਸਨ |
ਵੱਖਰੇ ਰਾਜ ਦੀ ਮੰਗ ਕਰ ਰਹੀਆਂ 7 ਕਬਾਇਲੀ ਜਥੇਬੰਦੀਆਂ ਦੇ ਗਰੁੱਪ ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਪੂਰਬੀ ਨਾਗਾਲੈਂਡ ਦੇ 6 ਜ਼ਿਲਿ੍ਹਆਂ ਦੇ ਲੋਕ ਸ਼ੁੱਕਰਵਾਰ ਘਰਾਂ ਦੇ ਅੰਦਰ ਰਹੇ ਤੇ ਵੋਟਾਂ ਨਹੀਂ ਪਾਈਆਂ |

LEAVE A REPLY

Please enter your comment!
Please enter your name here