ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 102 ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ | ਇਸ ਦੌਰਾਨ ਲੋਕ-ਪੋਲ ਨੇ 15 ਰਾਜਾਂ ਤੇ ਉੱਤਰ-ਪੂਰਬ ਦਾ ਸਰਵੇ ਪੇਸ਼ ਕੀਤਾ ਹੈ | ਇਸ ਸਰਵੇ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਰਾਜਸਥਾਨ, ਕਰਨਾਟਕ, ਹਰਿਆਣਾ, ਪੱਛਮੀ ਬੰਗਾਲ, ਮਹਾਰਾਸ਼ਟਰ, ਕੇਰਲਾ, ਤਾਮਿਲਨਾਡੂ, ਤੇਲੰਗਾਨਾ, ਅਸਾਮ ਤੇ ਓਡੀਸ਼ਾ ਵਰਗੇ ਰਾਜਾਂ ਦੇ ਅੰਕੜੇ ਪੇਸ਼ ਕੀਤੇ ਗਏ ਹਨ | ਇਸ ਸਰਵੇ ਮੁਤਾਬਕ ਐੱਨ ਡੀ ਏ 220 ਤੋਂ 250 ਸੀਟਾਂ ਦੇ ਅੰਕੜੇ ਤੱਕ ਪੁੱਜ ਸਕਦਾ ਹੈ |
ਲੋਕ-ਪੋਲ ਦਾ ਦਾਅਵਾ ਹੈ ਕਿ ਉਸ ਨੇ ਹਰ ਲੋਕ ਸਭਾ ਹਲਕੇ ਦੇ 1350 ਲੋਕਾਂ ਦੀ ਰਾਇ ਦੇ ਅਧਾਰ ਉੱਤੇ ਅੰਕੜੇ ਪੇਸ਼ ਕੀਤੇ ਹਨ | ਇਸ ਸਰਵੇ ਅਨੁਸਾਰ ਤੇਲੰਗਾਨਾ ਵਿੱਚ 17 ਸੀਟਾਂ ਵਿੱਚੋਂ ਭਾਜਪਾ ਨੂੰ 2 ਤੋਂ 3, ਇੰਡੀਆ ਗੱਠਜੋੜ ਨੂੰ 13 ਤੋਂ 15 ਤੇ ਦੋ ਸੀਟਾਂ ਹੋਰਨਾਂ ਨੂੰ ਮਿਲ ਸਕਦੀਆਂ ਹਨ | ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟੀ ਆਰ ਐੱਸ 9, ਭਾਜਪਾ 4, ਕਾਂਗਰਸ 3 ਤੇ ਹੋਰਨਾਂ ਨੂੰ 1 ਸੀਟ ਮਿਲੀ ਸੀ |
ਹਿਮਾਚਲ ਵਿੱਚ ਸਰਵੇ ਮੁਤਾਬਕ ਭਾਜਪਾ ਦੋ ਤੋਂ ਤਿੰਨ ਤੇ ਕਾਂਗਰਸ 1 ਤੋਂ 2 ਸੀਟਾਂ ਜਿੱਤ ਸਕਦੀ ਹੈ | ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਇੱਥੋਂ ਦੀਆਂ ਚਾਰੇ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ | ਹਰਿਆਣਾ ਦੀਆਂ 10 ਸੀਟਾਂ ਦੇ ਸਰਵੇ ਮੁਤਾਬਕ ਭਾਜਪਾ 6 ਤੋਂ 7 ਤੇ ਇੰਡੀਆ ਗੱਠਜੋੜ 3-4 ਸੀਟਾਂ ਜਿੱਤ ਸਕਦਾ ਹੈ | ਪਿਛਲੀਆਂ ਚੋਣਾਂ ਵਿੱਚ ਭਾਜਪਾ ਸਾਰੀਆਂ 10 ਸੀਟਾਂ ਜਿੱਤ ਗਈ ਸੀ |
ਮੱਧ ਪ੍ਰਦੇਸ਼ ਦੇ ਸਰਵੇ ਵਿੱਚ ਲੋਕ-ਪੋਲ ਦਾ ਕਹਿਣਾ ਹੈ ਕਿ ਭਾਜਪਾ ਇਸ ਵਾਰ 25 ਤੋਂ 26 ਸੀਟਾਂ ਜਿੱਤ ਸਕਦੀ ਹੈ | ਪਿਛਲੀ ਵਾਰ ਉਹ 29 ਵਿੱਚੋਂ 28 ਜਿੱਤ ਗਈ ਸੀ | ਇਸ ਵਾਰ ਕਾਂਗਰਸ 3-4 ਸੀਟਾਂ ਲਿਜਾ ਸਕਦੀ ਹੈ |
ਸਰਵੇ ਮੁਤਾਬਕ ਬਿਹਾਰ ਵਿੱਚ ਐੱਨ ਡੀ ਏ 24 ਤੋਂ 25 ਸੀਟਾਂ ਜਿੱਤ ਸਕਦਾ ਹੈ | ਪਿਛਲੀ ਵਾਰ ਉਸ ਨੇ 40 ਵਿੱਚੋਂ 39 ਉੱਤੇ ਜਿੱਤ ਹਾਸਲ ਕੀਤੀ ਸੀ | ਇੰਡੀਆ ਗੱਠਜੋੜ ਨੂੰ ਇਸ ਵਾਰ 15 ਤੋਂ 16 ਸੀਟਾਂ ਮਿਲ ਸਕਦੀਆਂ ਹਨ | ਉੱਤਰ ਪ੍ਰਦੇਸ਼ ਵਿੱਚ ਸਰਵੇ ਐੱਨ ਡੀ ਏ ਨੂੰ 68 ਤੋਂ 69 ਤੇ ਇੰਡੀਆ ਗੱਠਜੋੜ ਨੂੰ 8 ਤੋਂ 10 ਸੀਟਾਂ ਦਿੰਦਾ ਹੈ | ਬਸਪਾ ਨੂੰ ਵੀ 3 ਤੋਂ 4 ਸੀਟਾਂ ਮਿਲ ਸਕਦੀਆਂ ਹਨ |
ਕਰਨਾਟਕ ਵਿੱਚ ਪਿਛਲੀ ਵਾਰ ਭਾਜਪਾ ਨੇ 28 ‘ਚੋਂ 27 ਸੀਟਾਂ ਲੜ ਕੇ 25 ਜਿੱਤੀਆਂ ਸਨ ਤੇ ਇੱਕ ਸੀਟ ਉਸ ਦੀ ਹਮਾਇਤ ਪ੍ਰਾਪਤ ਅਜ਼ਾਦ ਜਿੱਤ ਗਿਆ ਸੀ | ਕਾਂਗਰਸ ਤੇ ਜੇ ਡੀ ਐੱਸ ਨੂੰ 1-1 ਸੀਟ ਮਿਲੀ ਸੀ | ਸਰਵੇ ਮੁਤਾਬਕ ਇਸ ਵਾਰ ਭਾਜਪਾ 11 ਤੋਂ 13 ਤੇ ਕਾਂਗਰਸ 15 ਤੋਂ 17 ਸੀਟਾਂ ਜਿੱਤ ਜਾਵੇਗੀ | ਗੁਜਰਾਤ ਵਿੱਚ ਭਾਜਪਾ ਨੂੰ ਇਸ ਵਾਰ 21 ਤੋਂ 23 ਤੇ ਇੰਡੀਆ ਗੱਠਜੋੜ ਨੂੰ 3 ਤੋਂ 5 ਸੀਟਾਂ ਮਿਲ ਸਕਦੀਆਂ ਹਨ | ਪਿਛਲੀ ਵਾਰ ਭਾਜਪਾ ਸਾਰੀਆਂ 26 ਸੀਟਾਂ ਜਿੱਤ ਗਈ ਸੀ |
ਰਾਜਸਥਾਨ ਵਿੱਚ ਵੀ ਭਾਜਪਾ ਨੇ ਪਿਛਲੀਆਂ ਚੋਣਾਂ ਵਿੱਚ ਸਾਰੀਆਂ 25 ਸੀਟਾਂ ਜਿੱਤ ਲਈਆਂ ਸਨ | ਸਰਵੇ ਮੁਤਾਬਕ ਇਸ ਵਾਰ ਉਸ ਨੂੰ 17 ਤੋਂ 19 ਤੇ ਇੰਡੀਆ ਗੱਠਜੋੜ ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਹਨ | ਮਹਾਰਾਸ਼ਟਰ ਵਿੱਚ ਸਰਵੇ ਮੁਤਾਬਕ ਐੱਨ ਡੀ ਏ ਨੂੰ 21 ਤੋਂ 24, ਇੰਡੀਆ ਗੱਠਜੋੜ ਨੂੰ 23 ਤੋਂ 26 ਤੇ ਹੋਰਨਾਂ ਨੂੰ ਇੱਕ ਸੀਟ ਮਿਲ ਸਕਦੀ ਹੈ | ਪਿਛਲੀ ਵਾਰ ਐੱਨ ਡੀ ਏ 41 ਸੀਟਾਂ ਜਿੱਤਿਆ ਸੀ ਤੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਨੂੰ 5 ਤੇ 2 ਹੋਰਨਾਂ ਨੂੰ ਮਿਲੀਆਂ ਸਨ |
ਸਰਵੇ ਮੁਤਾਬਕ ਓਡੀਸ਼ਾ ਵਿੱਚ ਭਾਜਪਾ ਇਸ ਵਾਰ 11 ਤੋਂ 13, ਬੀਜੂ ਜਨਤਾ ਦਲ 7 ਤੋਂ 9 ਤੇ ਇੰਡੀਆ ਗੱਠਜੋੜ 1 ਤੋਂ 2 ਸੀਟਾਂ ਜਿੱਤ ਸਕਦਾ ਹੈ | ਪਿਛਲੀ ਵਾਰ ਬੀ ਜੇ ਡੀ 19 ਤੇ ਭਾਜਪਾ 8 ਸੀਟਾਂ ਜਿੱਤੀ ਸੀ | ਯੂ ਪੀ ਏ ਨੂੰ 1 ਸੀਟ ਮਿਲੀ ਸੀ | ਤਾਮਿਲਨਾਡੂ ਦੀਆਂ 39 ਸੀਟਾਂ ਇਸ ਵਾਰ ਇੰਡੀਆ ਗਠਜੋੜ ਨੂੰ ਮਿਲ ਸਕਦੀਆਂ ਹਨ | ਬਾਕੀ ਸਭ ਧਿਰਾਂ ਦੇ ਖਾਲੀ ਰਹਿਣ ਦੀ ਉਮੀਦ ਹੈ ਪਿਛਲੀ ਵਾਰ ਡੀ ਐੱਮ ਕੇ ਗਠਜੋੜ ਨੇ 37 ਜਿੱਤੀਆਂ ਸਨ, ਐੱਨ ਡੀ ਏ 1 ਤੇ 1 ਹੋਰ ਦੇ ਖਾਤੇ ਗਈ ਸੀ | ਕੇਰਲ ਵਿੱਚ ਵੀ ਐੱਨ ਡੀ ਏ ਦਾ ਖਾਤਾ ਖੱੁਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ |
ਪੱਛਮੀ ਬੰਗਾਲ ਵਿੱਚ ਇਸ ਵਾਰ ਟੀ ਐੱਮ ਸੀ ਮਜ਼ਬੂਤ ਸਥਿਤੀ ਵਿੱਚ ਹੈ | ਉਸ ਨੂੰ 26 ਤੋਂ 28 ਸੀਟਾਂ ਮਿਲ ਸਕਦੀਆਂ ਹਨ | ਭਾਜਪਾ 11 ਤੋਂ 13 ਤੇ ਇੰਡੀਆ ਗਠਜੋੜ 2 ਤੋਂ 4 ਸੀਟਾਂ ਜਿੱਤ ਸਕਦਾ ਹੈ | ਪਿਛਲੀਆਂ ਚੋਣਾਂ ਵਿੱਚ ਟੀ ਐੱਮ ਸੀ ਨੇ 22, ਭਾਜਪਾ ਨੇ 18 ਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਸਨ | ਅਸਾਮ ਵਿੱਚ ਇਸ ਵਾਰ ਭਾਜਪਾ 7 ਤੋਂ 8, ਕਾਂਗਰਸ 4 ਤੋਂ 5 ਤੇ ਹੋਰ 2 ਸੀਟਾਂ ਜਿੱਤ ਸਕਦੇ ਹਨ | ਉੱਤਰ-ਪੂਰਬ ਦੇ ਬਾਕੀ ਛੋਟੇ ਰਾਜਾਂ ਵਿੱਚ ਭਾਜਪਾ ਨੂੰ 6 ਤੋਂ 8 ਤੇ ਇੰਡੀਆ ਗੱਠਜੋੜ ਨੂੰ 2 ਤੋਂ 4 ਤੇ ਹੋਰਨਾਂ ਨੂੰ 1 ਸੀਟ ਮਿਲ ਸਕਦੀ ਹੈ |
ਇਸ ਲੋਕ-ਪੋਲ ਸਰਵੇ ਦਾ ਜੇਕਰ ਸੰਘ ਦੇ ਅੰਦਰੂਨੀ ਸਰਵੇ ਨਾਲ ਮੁਕਾਬਲਾ ਕਰੀਏ ਤਾਂ ਉਹ ਜ਼ਿਆਦਾ ਸਚਾਈ ਦੇ ਨੇੜੇ ਲਗਦਾ ਹੈ | ਉਸ ਸਰਵੇ ਮੁਤਾਬਕ ਐੱਨ ਡੀ ਏ ਨੂੰ ਤੇਲੰਗਾਨਾ 1, ਹਿਮਾਚਲ 2, ਹਰਿਆਣਾ 6, ਮੱਧ ਪ੍ਰਦੇਸ਼ 24, ਬਿਹਾਰ 9, ਯੂ ਪੀ 65, ਕਰਨਾਟਕ 6, ਗੁਜਰਾਤ 23, ਰਾਜਸਥਾਨ 16, ਮਹਾਰਾਸ਼ਟਰ 11, ਓਡੀਸ਼ਾ 6, ਬੰਗਾਲ 9, ਅਸਾਮ 7 ਤੇ ਪੂਰਬੀ ਰਾਜਾਂ ਵਿੱਚ 2 ਸੀਟਾਂ ਮਿਲਣਗੀਆਂ | ਇਹ ਕੁੱਲ 187 ਬਣਦੀਆਂ ਹਨ |



