ਕਰਮਜੀਤ ਕੌਰ ਤੇ ਬਿੱਟੂ ਭਾਜਪਾ ’ਚ

0
202

ਜਲੰਧਰ (ਸੁਰਿੰਦਰ ਕੁਮਾਰ)
ਲੋਕ ਸਭਾ ਵਿਚ ਜਲੰਧਰ ਦੀ ਨੁਮਾਇੰਦਗੀ ਕਰਨ ਵਾਲੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਤੇ ਗਾਂਧੀ ਪਰਵਾਰ ਦੇ ਕਾਫੀ ਨੇੜੇ ਰਹੇ ਤੇਜਿੰਦਰ ਸਿੰਘ ਬਿੱਟੂ ਸ਼ਨੀਵਾਰ ਦਿੱਲੀ ’ਚ ਭਾਜਪਾ ਵਿਚ ਸ਼ਾਮਲ ਹੋ ਗਏ। ਕਰਮਜੀਤ ਕੌਰ ਨੇ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਪਿੱਛੇ ਜਿਹੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜੀ ਸੀ, ਪਰ ਸੁਸ਼ੀਲ ਰਿੰਕੂ ਤੋਂ ਹਾਰ ਗਈ ਸੀ। ਰਿੰਕੂ ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜੇ ਸਨ। ਹੁਣ ਰਿੰਕੂ ਭਾਜਪਾ ਦੇ ਉਮੀਦਵਾਰ ਹਨ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਖੜ੍ਹਾ ਕਰਨ ’ਤੇ ਕਰਮਜੀਤ ਕੌਰ ਤੇ ਉਨ੍ਹਾ ਦੇ ਫਿਲੌਰ ਤੋਂ ਵਿਧਾਇਕ ਬੇਟੇ ਵਿਕਮਰਜੀਤ ਸਿੰਘ ਨਾਰਾਜ਼ ਚੱਲ ਰਹੇ ਸਨ। ਬਿੱਟੂ ਪਿ੍ਰਅੰਕਾ ਗਾਂਧੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਹੇ। ਉਨ੍ਹਾ ਨੂੰ ਕਾਂਗਰਸ ਨੇ ਹਿਮਾਚਲ ਕਾਂਗਰਸ ਦਾ ਕੋ-ਇੰਚਾਰਜ ਵੀ ਬਣਾਇਆ ਸੀ। ਉਹ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਰਹੇ। ਜਲੰਧਰ ਕੇਂਦਰੀ ਹਲਕੇ ਤੋਂ ਅਸੰਬਲੀ ਚੋਣ ਲੜੇ ਸਨ, ਪਰ ਕਾਮਯਾਬ ਨਹੀਂ ਹੋਏ। ਇਸੇ ਦੌਰਾਨ ਚੰਨੀ ਨੇ ਕਿਹਾ ਹੈ ਕਿ ਬਿੱਟੂ ਅਤੇ ਚੌਧਰੀ ਕਰਮਜੀਤ ਕੌਰ ਨੇ ਸਿਆਸੀ ਖੁਦਕੁਸ਼ੀ ਕਰ ਲਈ ਹੈ। ਕਰਮਜੀਤ ਕੌਰ ਅਤੇ ਉਨ੍ਹਾ ਦੇ ਪੁੱਤਰ ਵਿਕਰਮਜੀਤ ਸਿੰਘ ਨੇ ਜੋ ਕੀਤਾ ਹੈ, ਉਸ ਨੇ ਚੌਧਰੀ ਪਰਵਾਰ ਦੇ ਸਮੁੱਚੇ ਇਤਿਹਾਸ ਨੂੰ ਢਾਹ ਲਾਈ ਹੈ। ਅੱਜ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰੂਹ ਵੀ ਰੋ ਰਹੀ ਹੋਵੇਗੀ। ਉਨ੍ਹਾ ਕਿਹਾ ਕਿ ਜੇਕਰ ਉਨ੍ਹਾਂ ਕੋਲ ਏਨੀ ਤਾਕਤ ਹੁੰਦੀ ਤਾਂ ਚੌਧਰੀ ਵਿਕਰਮਜੀਤ ਵੀ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਜਾਂਦਾ। ਚੰਨੀ ਨੇ ਕਿਹਾ ਕਿ ਹਿਮਾਚਲ ’ਚ ਕਾਂਗਰਸ ਸਰਕਾਰ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ’ਚ ਬਿੱਟੂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿੱਟੂ ਦਾ ਭਾਜਪਾ ’ਚ ਸ਼ਾਮਲ ਹੋਣਾ ਇਹ ਸਾਬਤ ਕਰ ਰਿਹਾ ਹੈ ਕਿ ਹਿਮਾਚਲ ਸਰਕਾਰ ਨੂੰ ਤੋੜਨ ਦੀ ਸਾਜ਼ਿਸ਼ ’ਚ ਬਿੱਟੂ ਸ਼ਾਮਲ ਸੀ।

LEAVE A REPLY

Please enter your comment!
Please enter your name here