ਤਰਨ ਤਾਰਨ : ਸੀ ਪੀ ਆਈ ਜ਼ਿਲ੍ਹਾ ਐਗਜ਼ੈਕਟਿਵ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਬਣਾਉਣ ਲਈ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਜ਼ਿਲ੍ਹਾ ਐਗਜ਼ੈਕਟਿਵ ਨੇ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਹੈੱਡਕੁਆਰਟਰ ਨੂੰ ਮਨਜ਼ੂਰੀ ਲੈਣ ਲਈ ਭੇਜ ਦਿੱਤਾ ਹੈ। ਗੁਰਦਿਆਲ ਸਿੰਘ ਦਾ ਨਾਂਅ ਆਉਦੇ ਸਾਰ ਕਾਮਰੇਡਾਂ ਨੇ ਮੌਕੇ ’ਤੇ ਚੋਣ ਲੜਨ ਵਾਸਤੇ 150000 ਰੁਪਏ ਤੋਂ ਉਪਰ ਪੈਸਾ ਦਿੱਤਾ। ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਇਮਾਨਦਾਰ, ਬੇਦਾਗ ਤੇ ਕਿਰਤੀਆਂ ਦਾ ਮਸੀਹਾ ਹੈ। ਗੁਰੂ ਅੰਗਦ ਦੇਵ ਜੀ ਦੀ ਧਰਤੀ ਦਾ ਜੰਮਪਲ ਆਪਣੀ ਮਿਹਨਤ-ਮੁਸ਼ੱਕਤ ਕਰਕੇ ਪਰਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਉਸ ਨੇ ਪਿੰਡ ਦੀ ਸਰਪੰਚੀ ਦੀ ਚੋਣ ਵਿੱਚ ਵਿਰੋਧੀਆਂ ਨੂੰ ਤਕੜੀ ਟੱਕਰ ਦਿੱਤੀ ਸੀ। ਬਰਾੜ ਨੇ ਕਿਹਾ ਕਿ ਸੀ ਪੀ ਆਈ ਪੂੰਜੀਵਾਦੀ, ਫਿਰਕੂ ਤੇ ਪਾੜੇ ਪਾਊ ਪਾਰਟੀ ਭਾਜਪਾ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਵੇਗੀ। ਇਸ ਵੇਲੇ ਦੇਸ਼ ਦੇ ਇਹ ਹਾਲਾਤ ਹਨ ਕਿ ਜਿਹੜਾ ਵੀ ਰਾਜਨੀਤਕ ਆਗੂ ਬੀ ਜੇ ਪੀ ਦੇ ਵਿਰੁੱਧ ਆਵਾਜ਼ ਉਠਾਉਦਾ ਹੈ, ਉਸ ਨੂੰ ਭਾਜਪਾ ਸਰਕਾਰ ਆਨੇ-ਬਹਾਨੇ ਜੇਲ੍ਹ ਅੰਦਰ ਧੱਕ ਦਿੰਦੀ ਹੈ, ਪਰ ਸੀ ਪੀ ਆਈ ਗੁਰੂਆਂ, ਗ਼ਦਰੀ ਬਾਬਿਆਂ ਤੇ ਭਗਤ-ਸਰਾਭਿਆਂ ਦੀ ਵਾਰਸ ਹੈ ਤੇ ਉਨ੍ਹਾਂ ਦੀ ਸੋਚ ਦਾ ਹਿੰਦੁਸਤਾਨ ਬਣਾਉਣ ਲਈ ਕਿਰਤੀ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਔਰਤਾਂ ਨੂੰ ਲਾਮਬੰਦ ਕਰਦੀ ਰਹੇਗੀ ਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ਼ ਕਰਦੀ ਰਹੇਗੀ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ’ਚੋਂ ਸ਼ਹੀਦ ਕਾਮਰੇਡ ਅਰਜਨ ਸਿੰਘ ਮਸਤਾਨਾ ਤੇ ਦਰਸ਼ਨ ਸਿੰਘ ਝਬਾਲ ਵਰਗੇ ਦੇਸ਼ ਭਗਤ ਕਮਿਊਨਿਸਟ ਜਿੱਤਦੇ ਰਹੇ ਹਨ ਅਤੇ ਜਿੱਤ ਕੇ ਉਨ੍ਹਾਂ ਲੋਕ ਹਿੱਤ ਦੇ ਕੰਮ ਕੀਤੇ, ਜਿਨ੍ਹਾਂ ਨੂੰ ਅੱਜ ਤੱਕ ਇਲਾਕਾ ਵਾਸੀ ਯਾਦ ਕਰਦੇ ਹਨ। ਗੁਰਦਿਆਲ ਸਿੰਘ ਵੀ ਪਾਰਲੀਮੈਂਟ ਵਿੱਚ ਪਹੁੰਚ ਕੇ ਮਿਹਨਤਕਸ਼ ਆਵਾਮ ਦੇ ਹੱਕਾਂ ਦੀ ਆਵਾਜ਼ ਲਾਮਬੰਦ ਕਰੇਗਾ। ਇਸ ਲਈ ਇਲਾਕੇ ਦੇ ਸੂਝਵਾਨ ਭੈਣਾਂ-ਭਰਾਵਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਕਰਨ। ਮੀਟਿੰਗ ਵਿੱਚ ਸੀਨੀਅਰ ਕਮਿਊਨਿਸਟ ਆਗੂ ਸੁਖਚੈਨ ਸਿੰਘ ਝਬਾਲ, ਮਹਿੰਦਰ ਪਾਲ ਸਿੰਘ ਮੁਹਾਲੀ, ਰਜਿੰਦਰ ਪਾਲ ਕੌਰ, ਦਵਿੰਦਰ ਸੋਹਲ, ਬਲਕਾਰ ਸਿੰਘ ਵਲਟੋਹਾ, ਤਾਰਾ ਸਿੰਘ ਖਹਿਰਾ, ਕਿਰਨਜੀਤ ਕੌਰ ਵਲਟੋਹਾ, ਗੁਰਬਿੰਦਰ ਸਿੰਘ ਸੋਹਲ, ਜਗੀਰੀ ਰਾਮ ਪੱਟੀ, ਨਰਿੰਦਰ ਸਿੰਘ ਅਲਗੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਮਾੜੀਮੇਘਾ ਤੇ ਸੀਮਾ ਸੋਹਲ ਆਦਿ ਆਗੂ ਹਾਜ਼ਰ ਸਨ।





