ਨਵੀਂ ਦਿੱਲੀ : ਮਸਾਲਿਆਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਉਤਪਾਦਕ, ਖਪਤਕਾਰ ਅਤੇ ਨਿਰਯਾਤਕ ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਦੋ ਭਾਰਤੀ ਕੰਪਨੀਆਂ ਦੇ ਮਸਾਲਾ ਉਤਪਾਦਾਂ ’ਤੇ ਪਾਬੰਦੀ ਦੇ ਸੰਬੰਧ ਵਿਚ ਵੇਰਵੇ ਮੰਗੇ ਹਨ। ਸਿੰਗਾਪੁਰ ਅਤੇ ਹਾਂਗਕਾਂਗ ਨੇ ਗੁਣਵੱਤਾ ਦੀਆਂ ਚਿੰਤਾਵਾਂ ਦੇ ਕਾਰਨ ਹਾਲ ਹੀ ’ਚ ਐੈੱਮ ਡੀ ਐੱਚ ਅਤੇ ਐਵਰੈਸਟ ਕੰਪਨੀਆਂ ਦੇ ਕੁਝ ਮਸਾਲਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਵਣਜ ਮੰਤਰਾਲੇ ਨੇ ਇਨ੍ਹਾਂ ਦੋਵਾਂ ਦੇਸ਼ਾਂ ’ਚ ਮੌਜੂਦ ਭਾਰਤੀ ਦੂਤਘਰਾਂ ਨੂੰ ਵੀ ਇਸ ਮਾਮਲੇ ’ਤੇ ਵਿਸਥਾਰਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਪਾਬੰਦੀ ਦੇ ਘੇਰੇ ’ਚ ਆਈਆਂ ਦੋ ਕੰਪਨੀਆਂ ਐੱਮ ਡੀ ਐੱਚ ਅਤੇ ਐਵਰੈਸਟ ਤੋਂ ਵੀ ਵੇਰਵੇ ਮੰਗੇ ਹਨ। ਉਨ੍ਹਾਂ ਦੇ ਉਤਪਾਦਾਂ ’ਤੇ ਕਥਿਤ ਤੌਰ ’ਤੇ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਕੀਟਨਾਸ਼ਕ ਐਥਿਲੀਨ ਆਕਸਾਈਡ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ।




