ਜਲੰਧਰ (ਸੁਰਿੰਦਰ ਕੁਮਾਰ)
ਡੀ ਜੀ ਪੀ ਗੌਰਵ ਯਾਦਵ ਨੇ ਮੰਗਲਵਾਰ ਦੱਸਿਆ ਕਿ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਉਦੋ ਨੰਗਲ ਦੇ ਲਵਪ੍ਰੀਤ ਸਿੰਘ ਉਰਫ ਪਿਚੋ ਨੂੰ ਇੱਕ ਮੈਗਜ਼ੀਨ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇੱਕ .30 ਬੋਰ ਦੇ ਆਟੋਮੈਟਿਕ ਚੀਨੀ ਪਿਸਤੌਲ ਨਾਲ ਗਿ੍ਰਫਤਾਰ ਕੀਤਾ ਹੈ। ਉਸ ਨੂੰ ਜਲੰਧਰ ਦੀਆਂ ਪੁਲਸ ਟੀਮਾਂ ਨੇ ਰਾਮਾ ਮੰਡੀ ਦੇ ਇਲਾਕੇ ’ਚੋਂ ਫੜਿਆ। ਲਵਪ੍ਰੀਤ ਨੂੰ ਪਾਕਿਸਤਾਨ ਅਧਾਰਤ ਦਹਿਸ਼ਤਗਰਦਾਂ ਨੇ ਜੰਮੂ-ਕਸ਼ਮੀਰ ਖੇਤਰ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਹੋਇਆ ਸੀ। ਐੱਸ ਐੱਸ ਪੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੁਬਈ ਰਾਹੀਂ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਸਨ। ਉਸ ਨੇ ਸਰਹੱਦ ਪਾਰੋਂ ਭੇਜਿਆ ਗਿਆ ਪਿਸਤੌਲ ਸਮੇਤ ਅਸਲਾ ਜੰਮੂ-ਕਸ਼ਮੀਰ ਦੇ ਸਾਂਬਾ ਇਲਾਕੇ ਤੋਂ ਪ੍ਰਾਪਤ ਕੀਤਾ ਸੀ।