21.7 C
Jalandhar
Wednesday, December 11, 2024
spot_img

ਲੋਕ ਸਭਾ ਚੋਣਾਂ ਲੋਕਤੰਤਰ ਤੇ ਤਾਨਾਸ਼ਾਹੀ ਵਿਚਾਲੇ ਸੰਘਰਸ਼ ਦਾ ਸਿਖਰ : ਅਰਸ਼ੀ

ਫਰੀਦਕੋਟ (ਗੁਰਪ੍ਰੀਤ ਸਿੰਘ ਬੇਦੀ/ ਐਲਿਗਜ਼ੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਫਰੀਦਕੋਟ ਦੀ ਹੰਗਾਮੀ ਮੀਟਿੰਗ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਹੋਈ। ਮੀਟਿੰਗ ਨੂੰ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 18ਵੀਂ ਲੋਕ ਸਭਾ ਲਈ ਹੋਣ ਵਾਲੀਆਂ ਚੋਣਾਂ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਪਿਛਲੇ ਸਮੇਂ ਤੋਂ ਚੱਲ ਰਹੀ ਵਿਚਾਰਧਾਰਕ ਜੰਗ ਦਾ ਸਿਖਰ ਹਨ, ਜਿਸ ਨੇ ਦੇਸ਼ ਦਾ ਭਵਿੱਖ ਤਹਿ ਕਰਨਾ ਹੈ। ਉਨ੍ਹਾ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ 98 ਸਾਲ ਪਹਿਲਾਂ ਹੋਈ ਸਥਾਪਨਾ ਤੋਂ ਲੈ ਕੇ ਲਗਾਤਾਰ ਦੇਸ਼ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸੰਸਦ ਦੇ ਅੰਦਰ ਅਤੇ ਬਾਹਰ ਸੰਘਰਸ਼ ਕਰਦੀ ਆ ਰਹੀ ਹੈ। ਇਹ ਚੋਣਾਂ ਵੀ ਸਾਡੇ ਲੋਕ ਸੰਘਰਸ਼ਾਂ ਦਾ ਹੀ ਹਿੱਸਾ ਹਨ। ਉਨ੍ਹਾ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਪਾਰਟੀ ਦੇ ਫਰੀਦਕੋਟ ਹਲਕੇ ਵਿੱਚ ਚੋਣ ਲੜਣ ਲਈ ਯੋਗ ਉਮੀਦਵਾਰ ਦੀ ਸਿਫ਼ਾਰਸ਼ ਕਰਨ ਲਈ ਕਿਹਾ। ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਸੇਵਾ-ਮੁਕਤ ਲੈਕਚਰਾਰ ਗੁਰਚਰਨ ਸਿੰਘ ਮਾਨ ਦਾ ਨਾਂਅ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਥੀ ਨੇ ਨਾ ਸਿਰਫ ਇਕ ਆਦਰਸ਼ ਅਧਿਆਪਕ ਵਜੋਂ ਨਾਂਅ ਕਮਾਇਆ ਹੈ,ਸਗੋਂ ਮੁਲਾਜ਼ਮ ਸੰਘਰਸ਼ਾਂ ਅਤੇ ਜਥੇਬੰਦੀਆਂ ਵਿੱਚ ਹਮੇਸ਼ਾ ਬਿਨਾਂ ਕਿਸੇ ਅਹੁਦੇ ਦਾ ਲਾਲਚ ਕੀਤੇ ਪਿੱਛੇ ਰਹਿ ਕੇ ਡਿਊਟੀ ਨਿਭਾਈ ਹੈ।ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਸਾਬਕਾ ਸਰਪੰਚ ਜਗਤਾਰ ਸਿੰਘ ਭਾਣਾ ਅਤੇ ਨਰੇਗਾ ਮਜ਼ਦੂਰ ਆਗੂ ਗੋਰਾ ਪਿਪਲੀ ਨੇ ਇਸ ਦਾ ਸਮਰਥਨ ਕਰਦੇ ਹੋਏ ਮਾਸਟਰ ਗੁਰਚਰਨ ਸਿੰਘ ਮਾਨ ਨੂੰ ਮੁਲਾਜ਼ਮ ਅਤੇ ਜਨਤਕ ਸੰਘਰਸ਼ਾਂ ਦਾ ਪਰਖਿਆ ਹੋਇਆ ਆਗੂ ਕਰਾਰ ਦਿੱਤਾ। ਮੀਟਿੰਗ ਨੇ ਸਰਬਸੰਮਤੀ ਨਾਲ ਮਾਸਟਰ ਗੁਰਚਰਨ ਸਿੰਘ ਮਾਨ ਦੇ ਨਾਂਅ ਦੀ ਸਿਫਾਰਸ਼ ਕੀਤੀ। ਹਾਜ਼ਰ ਮੈਂਬਰਾਂ ਨੇ ਮੌਕੇ ’ਤੇ ਹੀ ਚੋਣ ਖਰਚਿਆਂ ਲਈ ਇਕ ਲੱਖ ਰੁਪਏ ਦੀ ਮਦਦ ਦਾ ਵਚਨ ਦਿੱਤਾ ਅਤੇ ਕਮਿਊਨਿਸਟ ਉਮੀਦਵਾਰ ਦੀ ਚੋਣ ਮੁਹਿੰਮ ਭਖਾਉਣ ਲਈ ਤਨ, ਮਨ, ਧਨ ਨਾਲ ਸਹਿਯੋਗ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਬਜ਼ੁਰਗ ਕਾਮਰੇਡ ਸ਼ਾਮ ਸੁੰਦਰ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਸੁਖਦਰਸ਼ਨ ਰਾਮ ਸ਼ਰਮਾ, ਭਲਵਿੰਦਰ ਸਿੰਘ ਔਲਖ, ਪੱਪੀ ਢਿਲਵਾਂ, ਚਰਨਜੀਤ ਚੰਬੇਲੀ, ਇਸਤਰੀ ਆਗੂ ਮਨਜੀਤ ਕੌਰ ਅਤੇ ਸ਼ਸ਼ੀ ਸ਼ਰਮਾ, ਮੁਖਤਿਆਰ ਸਿੰਘ ਭਾਣਾ, ਗੁਰਮੇਲ ਸਿੰਘ ਲਾਲੇਆਣਾ, ਗੁਰਦੀਪ ਭੋਲਾ ਪੀ ਆਰ ਟੀ ਸੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਲ੍ਹਾ ਕੌਂਸਲ ਵੱਲੋਂ ਇਸ ਨਾਂਅ ਦੀ ਸਿਫਾਰਸ਼ ਕਰਕੇ ਰਸਮੀ ਪ੍ਰਵਾਨਗੀ ਲਈ ਸੂਬਾ ਕੇਂਦਰ ਨੂੰ ਭੇਜ ਦਿੱਤੀ ਗਈ ਹੈ। ਮਾਸਟਰ ਗੁਰਚਰਨ ਸਿੰਘ ਮਾਨ ਨੇ ਪਾਰਟੀ ਵੱਲੋਂ ਉਨ੍ਹਾ ਵਿੱਚ ਪ੍ਰਗਟ ਕੀਤੇ ਭਰੋਸੇ ’ਤੇ ਪੂਰਾ ਉਤਰਨ ਅਤੇ ਇਲਾਕੇ ਦੇ ਮਿਹਨਤਕਸ਼ ਲੋਕਾਂ ਦੀ ਸੇਵਾ ਹੋਰ ਤਕੜੇ ਮਨੋਬਲ ਨਾਲ ਕਰਦੇ ਰਹਿਣ ਦਾ ਭਰੋਸਾ ਦਿਵਾਇਆ।

Related Articles

LEAVE A REPLY

Please enter your comment!
Please enter your name here

Latest Articles