ਟਪੂਸੀਮਾਰ ਜਮਹੂਰੀਅਤ ਲਈ ਚੰਗੇ ਨਹੀਂ : ਨਾਇਡੂ

0
169

ਨਵੀਂ ਦਿੱਲੀ : ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਇੱਕ ਪਾਰਟੀ ਛੱਡ ਕੇ ਦੂਜੀ ਵੱਲੋਂ ਚੋਣ ਲੜਨ ਵਾਲੇ ਆਗੂਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਇਹ ਰੁਝਾਨ ਚਿੰਤਾਜਨਕ ਹੈ। ਉਨ੍ਹਾ ਕਿਹਾਸਵੇਰ ਤੁਸੀਂ ਇਕ ਪਾਰਟੀ ਵਿਚ ਹੁੰਦੇ ਹੋ ਤੇ ਬਾਅਦ ਦੁਪਹਿਰ ਦੂਜੀ ਵਿਚ ਸ਼ਾਮਲ ਹੋ ਜਾਂਦੇ ਹੋ। ਅਗਲੇ ਦਿਨ ਤੁਸੀਂ ਚੋਣ ਲੜਨ ਲਈ ਟਿਕਟ ਲੈ ਲੈਂਦੇ ਹੋ। ਪਹਿਲਾਂ ਤੁਸੀਂ ਆਪਣੇ ਨਵੇਂ ਆਗੂ ਦੀਆਂ ਸਿਫਤਾਂ ਕਰਦੇ ਹੋ ਤੇ ਫਿਰ ਪੁਰਾਣੇ ਆਗੂ ਨੂੰ ਬੁਰਾ-ਭਲਾ ਕਹਿੰਦੇ ਹੋ। ਸੋਮਵਾਰ ਰਾਸ਼ਟਰਪਤੀ ਤੋਂ ਪਦਮ ਵਿਭੂਸ਼ਣ ਲੈਣ ਤੋਂ ਬਾਅਦ ਮੰਗਲਵਾਰ ਇਕ ਸਮਾਗਮ ਵਿਚ ਨਾਇਡੂ, ਜਿਹੜੇ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਭਾਵੇਂ ਕਿ ਜਮਹੂਰੀਅਤ ਵਿਚ ਪਾਰਟੀਆਂ ਬਦਲਣ ਦੀ ਖੁੱਲ੍ਹ ਹੈ, ਪਰ ਨਵੇਂ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਆਗੂ ਨੂੰ ਪਹਿਲੀ ਪਾਰਟੀ ਦੇ ਸਾਰੇ ਅਹੁਦੇ ਛੱਡਣੇ ਚਾਹੀਦੇ ਹਨ। ਨਾਇਡੂ ਨੇ ਇਹ ਵੀ ਕਿਹਾ ਕਿ ਦੋਸ਼ ਲਾਏ ਜਾ ਸਕਦੇ ਹਨ, ਪਰ ਗਾਲ੍ਹਾਂ ’ਤੇ ਉਤਰਨਾ ਠੀਕ ਨਹੀਂ। ਨਾਇਡੂ ਨੇ ਇਹ ਬਿਆਨ ਉਦੋਂ ਦਿੱਤਾ, ਜਦੋਂ ਭਾਜਪਾ ਨੇ ਵੱਖ-ਵੱਖ ਪਾਰਟੀਆਂ, ਖਾਸ ਕਰਕੇ ਕਾਂਗਰਸ ਦੇ ਕਈ ਆਗੂ ਆਪਣੇ ਵਿਚ ਸ਼ਾਮਲ ਕੀਤੇ ਹਨ। ਭਾਜਪਾ ਦੇ ਲੋਕ ਸਭਾ ਲਈ 433 ਉਮੀਦਵਾਰਾਂ ਵਿੱਚੋਂ ਇਕ-ਚੁਥਾਈ ਤੋਂ ਵੱਧ ਹੋਰਨਾਂ ਪਾਰਟੀਆਂ ਵਿੱਚੋਂ ਆਏ ਆਗੂ ਹਨ। ਨਾਇਡੂ ਨੇ ਚੋਣਾਂ ਮੌਕੇ ਮੁਫਤ ਤੋਹਫਿਆਂ ਦੇ ਐਲਾਨ ਨੂੰ ਵੀ ਗੈਰਸਿਹਤਮੰਦ ਰੁਝਾਨ ਦੱਸਿਆ ਹੈ। ਉਨ੍ਹਾ ਕਿਹਾ ਕਿ ਸਕੀਮਾਂ ਦਾ ਐਲਾਨ ਕਰਨ ਵੇਲੇ ਪਾਰਟੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੈਸੇ ਕਿੱਥੋਂ ਆਉਣਗੇ। ਉਨ੍ਹਾ ਕਿਹਾ ਕਿ ਸਿਰਫ ਸਿਹਤ ਤੇ ਸਿੱਖਿਆ ਹੀ ਮੁਫਤ ਹੋਣੀ ਚਾਹੀਦੀ ਹੈ, ਹੋਰ ਤੋਹਫਿਆਂ ਨੂੰ ਨਿਰਉਤਸ਼ਾਹ ਕੀਤਾ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here