33.5 C
Jalandhar
Monday, May 27, 2024
spot_img

ਸੀ ਪੀ ਆਈ ਤੇ ਸੀ ਪੀ ਐੱਮ ਵੱਲੋਂ ਪੰਜਾਬ ’ਚ ਲੋਕ ਸਭਾ ਲਈ 4 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੀਆਂ ਦੋਵਾਂ ਕਮਿਊਨਿਸਟ ਪਾਰਟੀਆਂ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ ’ਤੇ 4 ਸੀਟਾਂ ਜਲੰਧਰ, ਅੰਮਿ੍ਰਤਸਰ, ਖਡੂਰ ਸਾਹਿਬ ਅਤੇ ਫਰੀਦਕੋਟ ਲਈ ਉਮੀਦਵਾਰ ਐਲਾਨ ਦਿੱਤੇ ਹਨ।
ਜਲੰਧਰ ਤੋਂ ਸੀ ਪੀ ਆਈ (ਐੱਮ) ਦੇ ਪ੍ਰਸਿੱਧ ਟਰੇਡ ਯੂਨੀਅਨ ਆਗੂ ਪੁਰਸ਼ੋਤਮ ਲਾਲ ਬਿਲਗਾ, ਅੰਮਿ੍ਰਤਸਰ ਤੋਂ ਬੀਬੀ ਦਸਵਿੰਦਰ ਕੌਰ ਪ੍ਰਸਿੱਧ ਟਰੇਡ ਯੂਨੀਅਨ ਆਗੂ ਸੀ ਪੀ ਆਈ, ਖਡੂਰ ਸਾਹਿਬ ਤੋਂ ਸੀ ਪੀ ਆਈ ਦੇ ਗੁਰਦਿਆਲ ਸਿੰਘ ਪ੍ਰਸਿੱਧ ਖੇਤ ਮਜ਼ਦੂਰ ਆਗੂ ਅਤੇ ਫਰੀਦਕੋਟ ਤੋਂ ਸੀ ਪੀ ਆਈ ਆਗੂ ਗੁਰਚਰਨ ਸਿੰਘ ਮਾਨ ਉਮੀਦਵਾਰ ਹੋਣਗੇ, ਜਿਹੜੇ ਟਰੇਡ ਯੂਨੀਅਨ ਆਗੂ ਹਨ।
ਦੋਵਾਂ ਕਮਿਊਨਿਸਟ ਪਾਰਟੀਆਂ ਦੇ ਸਕੱਤਰਾਂ ਬੰਤ ਸਿੰਘ ਬਰਾੜ (ਸੀ ਪੀ ਆਈ) ਅਤੇ ਸੁਖਵਿੰਦਰ ਸਿੰਘ ਸੇਖੋਂ (ਸੀ ਪੀ ਆਈ ਮਾਰਕਸਵਾਦੀ) ਨੇ ਮੰਗਲਵਾਰ ਸਾਂਝੇ ਬਿਆਨ ਵਿਚ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੀ ਫਾਸ਼ੀ ਵਿਚਾਰਾਂ ਆਧਾਰਤ ਅਗਵਾਈ ਵਾਲੇ ਐੱਨ ਡੀ ਏ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਅਤੇ ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਲਈ ਖੱਬੀਆਂ ਪਾਰਟੀਆਂ-‘ਇੰਡੀਆ ਗਠਜੋੜ’ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਦੋਵਾਂ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਬਿਆਨ, ਜਿਸ ਵਿਚ ਉਸ ਨੇ ਸਾਰੀਆਂ ਮਰਿਆਦਾਵਾਂ ਦੀ ਉਲੰਘਣਾ ਕਰਕੇ ਘੱਟ ਗਿਣਤੀਆਂ ’ਤੇ ਜ਼ੋਰਦਾਰ ਹਮਲਾ ਕਰਕੇ ਸਾਰੀਆਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਨੂੰ ਕਿਹਾ ਕਿ ਉਹ ਘਰਾਂ ਅਤੇ ਜਾਇਦਾਦਾਂ ਖੋਹ ਕੇ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਦੇ ਦੇਣਗੇ ਤੇ ਬਗੈਰ ਨਾਂਅ ਲਏ ਮੁਸਲਮਾਨਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ, ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਹਾਰ ਵੇਖ ਕੇ ਪਾਗਲਾਂ ਵਾਲੀ ਹਰਕਤ ਵਿਚ ਆ ਗਿਆ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।
ਪੰਜਾਬ ਬਾਰੇ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਦੇ ਆਗੂ ਹੰਕਾਰ ਦਾ ਸ਼ਿਕਾਰ ਹਨ, ਜਿਸ ਕਰਕੇ ਇਹ ਪੰਜਾਬ ਅੰਦਰ ‘ਇੰਡੀਆ ਗਠਜੋੜ’ ਕਾਇਮ ਕਰਨ ਵਿਚ ਅਸਫਲ ਰਹੇ ਹਨ। ਦੋਵਾਂ ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਸੈਕੂਲਰ, ਜਮਹੂਰੀਅਤ ਅਤੇ ਆਜ਼ਾਦੀ ਦੀਆਂ ਲਹਿਰਾਂ ਦਾ ਕੇਂਦਰ ਰਿਹਾ ਹੈ। ਇਸ ਨੂੰ ਗੁਰੂਆਂ, ਬੱਬਰ ਅਕਾਲੀ, ਗਦਰੀ ਬਾਬਿਆਂ ਅਤੇ ਭਗਤ, ਸਰਾਭਿਆਂ ਦੀ ਬਖਸ਼ਿਸ਼ ਹੈ ਤੇ ਇਥੋਂ ਇਕ ਵੀ ਗੌਡਸੇ, ਹਿਟਲਰ ਅਤੇ ਅੰਗਰੇਜ਼-ਪਿੱਠੂ ਭਾਜਪਾ ਉਮੀਦਵਾਰ ਜਿੱਤ ਕੇ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੰਵਿਧਾਨ, ਜਮਹੂਰੀਅਤ, ਸੈਕੂਲਰ ਅਤੇ ਫੈਡਰਲ ਢਾਂਚੇ ਵਿਚ ਵਿਸ਼ਵਾਸ ਰੱਖਣ ਵਾਲੇ ਅਤੇ ਬੇਰੁਜ਼ਗਾਰੀ ਤੇ ਗਰੀਬੀ ਦੂਰ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਣ।

Related Articles

LEAVE A REPLY

Please enter your comment!
Please enter your name here

Latest Articles