ਪਿਤਰੋਦਾ ਦੇ ਬਿਆਨ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਜਾ ਰਿਹੈ : ਕਾਂਗਰਸ

0
204

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਅਮਰੀਕਾ ਦੇ ਵਿਰਾਸਤ ਟੈਕਸ ’ਤੇ ਸੈਮ ਪਿਤਰੋਦਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਦੇ ਹੋਏ ਕਿਹਾ ਕਿ ਉਨ੍ਹਾ ਦੀਆਂ ਗੱਲਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਦਭਾਵਨਾ ਅਤੇ ਨਫਰਤ ਨਾਲ ਭਰੇ ਚੋਣ ਪ੍ਰਚਾਰ ਤੋਂ ਧਿਆਨ ਹਟਾਇਆ ਜਾ ਸਕੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ-ਸੈਮ ਪਿਤਰੋਦਾ ਮੇਰੇ ਸਮੇਤ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਦੇ ਗੁਰੂ, ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਹਨ। ਉਨ੍ਹਾ ਨੇ ਭਾਰਤ ਦੇ ਵਿਕਾਸ ’ਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਨ। ਉਹ ਹਮੇਸ਼ਾ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਹਨ।
ਪਿਤਰੋਦਾ ਦੇ ਬਿਆਨ ਨੂੰ ਆਪਣੇ ਢੰਗ ਨਾਲ ਵਰਤਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਕਹਿੰਦੀ ਹੈ ਕਿ ਉਹ ਮਾਤਾ-ਪਿਤਾ ਤੋਂ ਮਿਲਣ ਵਾਲੀ ਵਿਰਾਸਤ ’ਤੇ ਵੀ ਟੈਕਸ ਲਾਵੇਗੀ। ਤੁਸੀਂ ਆਪਣੀ ਮਿਹਨਤ ਨਾਲ ਜੋ ਸੰਪਤੀ ਜੁਟਾਉਦੇ ਹੋ, ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲੇਗੀ। ਉਹ ਵੀ ਕਾਂਗਰਸ ਦਾ ਪੰਜਾ ਖੋਹ ਲਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਪਿਤਰੋਦਾ ਦੇ ਬਿਆਨ ਤੋਂ ਬਾਅਦ ਕਾਂਗਰਸ ਦੀ ਅਸਲੀ ਮਨਸ਼ਾ ਸਾਹਮਣੇ ਆ ਗਈ ਹੈ। ਪਿਤਰੋਦਾ ਨੇ ਕਿਹਾ ਹੈ ਕਿ ਅਮਰੀਕਾ ਦੀ ਤਰ੍ਹਾਂ ਸੰਪਤੀ ਦੀ ਵੰਡ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਿਰਫ ਇਹ ਕਹਿ ਰਹੇ ਹਨ ਕਿ ਦੇਸ਼ ਵਿਚ ਜਿਨ੍ਹਾਂ ਨਾਲ ਬੇਇਨਸਾਫੀ ਹੋ ਰਹੀ ਹੈ, ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਵਿਚ ਇਕ ਸੰਵਿਧਾਨ ਹੈ। ਕਾਂਗਰਸ ਦੀ ਅਜਿਹੀ ਕੋਈ ਮਨਸ਼ਾ ਨਹੀਂ। ਮੋਦੀ ਵੋਟਾਂ ਖਾਤਰ ਖੇਡ ਖੇਡ ਰਹੇ ਹਨ। ਪਿਤਰੋਦਾ ਨੇ ਅਮਰੀਕਾ ਦੀ ਵਿਰਾਸਤ ਟੈਕਸ ਪ੍ਰਣਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀਅਮਰੀਕਾ ’ਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇ ਕਿਸੇ ਕੋਲ 10 ਕਰੋੜ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਇਸ ਦਾ ਸਿਰਫ 45 ਪ੍ਰਤੀਸ਼ਤ ਉਸ ਦੇ ਬੱਚਿਆਂ ਕੋਲ ਜਾ ਸਕਦਾ ਹੈ, ਬਾਕੀ 55 ਫੀਸਦੀ ਜਾਇਦਾਦ ਸਰਕਾਰ ਕੋਲ ਜਾਂਦੀ ਹੈ। ਭਾਰਤ ’ਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਜੇ ਕਿਸੇ ਦੀ ਦੌਲਤ 10 ਅਰਬ ਹੈ ਅਤੇ ਉਹ ਮਰ ਜਾਂਦਾ ਹੈ, ਉਸ ਦੇ ਬੱਚਿਆਂ ਨੂੰ 10 ਅਰਬ ਮਿਲਦੇ ਹਨ ਅਤੇ ਲੋਕਾਂ ਨੂੰ ਕੁਝ ਨਹੀਂ ਮਿਲਦਾ। ਲੋਕਾਂ ਨੂੰ ਅਜਿਹੇ ਮੁੱਦਿਆਂ ’ਤੇ ਚਰਚਾ ਕਰਨ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਅੰਤ ’ਚ ਸਿੱਟਾ ਕੀ ਨਿਕਲੇਗਾ, ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮਾਂ ਦੀ ਗੱਲ ਕਰ ਰਹੇ ਹਾਂ, ਜੋ ਨਾ ਸਿਰਫ ਅਮੀਰਾਂ, ਸਗੋਂ ਬਹੁਤ ਅਮੀਰਾਂ ਦੇ ਹਿੱਤ ’ਚ ਹਨ।

LEAVE A REPLY

Please enter your comment!
Please enter your name here