ਜਲੰਧਰ (ਸ਼ੈਲੀ ਐਲਬਰਟ)
ਜਲੰਧਰ ਕਮਿਸ਼ਨਰੇਟ ਪੁਲਸ ਨੇ ਚੋਰੀਆਂ ਕਰਨ ਵਾਲੇ ਇੱਕ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕੀਮਤੀ ਸਮਾਨ ਬਰਾਮਦ ਕੀਤਾ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਲਲਿਤ ਸੇਠ ਪੁੱਤਰ ਸਤਿਆ ਸੇਠ ਵਾਸੀ ਅਰਬਨ ਅਸਟੇਟ ਫੇਜ਼ 1, ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਉਹ 13 ਅਪ੍ਰੈਲ ਨੂੰ ਦਵਾਰਕਾ, ਦਿੱਲੀ ਵਿਖੇ ਆਪਣੀ ਧੀ ਨੂੰ ਦਾਖਲ ਕਰਵਾਉਣ ਗਿਆ ਸੀ ਅਤੇ ਘਰ ਪਰਤਣ ਤੋਂ ਬਾਅਦ ਉਸ ਨੇ ਦੇਖਿਆ ਕਿ ਮੁੱਖ ਦਰਵਾਜ਼ੇ ਦਾ ਤਾਲਾ ਅਤੇ ਕੁੰਡੀ ਟੁੱਟੀ ਹੋਈ ਸੀ ਅਤੇ ਸੋਨੇ, ਚਾਂਦੀ ਦੇ ਗਹਿਣੇ ਅਤੇ 1,00,000 ਰੁਪਏ ਗਾਇਬ ਪਾਏ ਗਏ। ਥਾਣਾ ਡਵੀਜ਼ਨ 7 ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ। ਸਵਪਨ ਸ਼ਰਮਾ ਨੇ ਦੱਸਿਆ ਕਿ ਉਸ ਉਪਰੰਤ ਪੁਲਸ ਨੂੰ ਸ਼ਮਸ਼ਾਨਘਾਟ, ਸੁਭਾਨਾ ਮੋੜ ਤੇ ਜਲੰਧਰ ਨੇੜੇ ਇੱਕ ਚੋਰੀ ਸੰਬੰਧੀ ਇਤਲਾਹ ਮਿਲੀ ਸੀ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਨਜੀਤ ਲਾਲ ਉਰਫ਼ ਮਨੰੂ, ਜੋ ਕਿ ਇੱਕ ਆਦਤਨ ਅਪਰਾਧੀ ਸੀ, ’ਤੇ ਸ਼ੱਕ ਹੋਇਆ। ਪੁਲਸ ਨੇ ਚੋਰੀ ਦੀ ਐਕਟਿਵਾ ਵੇਚਣ ਦੀ ਕੋਸ਼ਿਸ਼ ਕਰ ਰਹੇ ਮਨੂੰ ਨੂੰ ਕਾਬੂ ਕਰਕੇ ਉਸ ਕੋਲੋਂ 90,000 ਰੁਪਏ ਦੀ ਨਕਦੀ ਅਤੇ ਕੁਝ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਮਨੂੰ ਤੋਂ ਪੁੱਛਗਿੱਛ ਤੋਂ ਬਾਅਦ ਸੰਦੀਪ ਕੌਰ ਉਰਫ਼ ਪਿ੍ਰਆ ਤੇ ਡੌਲੀ ਰਾਣੀ ਨੂੰ ਗਿ੍ਰਫਤਾਰ ਕੀਤਾ ਗਿਆ, ਜਦੋਂ ਉਹ ਚੋਰੀ ਕੀਤੇ ਸੋਨੇ ਦੇ ਗਹਿਣੇ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਮੁਲਜ਼ਮਾਂ ਵਿੱਚੋਂ ਮਨਜੀਤ ਲਾਲ ਖ਼ਿਲਾਫ਼ ਐੱਨ ਡੀ ਪੀ ਐਸ ਐਕਟ, ਚੋਰੀ ਅਤੇ ਆਬਕਾਰੀ ਐਕਟ ਸਮੇਤ ਕਈ ਐੱਫ ਆਈ ਆਰ ਦਰਜ ਹਨ, ਜਦੋਂਕਿ ਦੋ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ।




