ਵਾਸ਼ਿੰਗਟਨ : ਰੂਸ ਅਤੇ ਯੂਕਰੇਨ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਯੁੱਧ ਦੇ ਬਾਵਜੂਦ ਅਮਰੀਕਾ ਨੇ ਵੀਰਵਾਰ ਯੂਕਰੇਨ ਨੂੰ ਹਥਿਆਰ ਅਤੇ ਗੋਲਾ-ਬਾਰੂਦ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ, ਈਰਾਨ ਅਤੇ ਉੱਤਰੀ ਕੋਰੀਆ ’ਤੇ ਰੂਸ ਦੀ ਮਦਦ ਕਰਨ ਦਾ ਦੋਸ਼ ਲਗਾਇਆ। ਬਾਇਡਨ ਨੇ ਯੂਕਰੇਨ ਅਤੇ ਇਜ਼ਰਾਈਲ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਤਾਇਵਾਨ ਸਮੇਤ ਭਾਰਤ ਤੇ ਪ੍ਰਸ਼ਾਂਤ ਖੇਤਰ ’ਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 95.3 ਅਰਬ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਨਾਲ ਸੰਬੰਧਤ ਬਿੱਲ ’ਤੇ ਦਸਤਖਤ ਕੀਤੇ ਹਨ।
ਰੂਸ ਵੱਲੋਂ ਮਤਾ ਵੀਟੋ
ਸੰਯੁਕਤ ਰਾਸ਼ਟਰ : ਰੂਸ ਨੇ ਸੰਯੁਕਤ ਰਾਸ਼ਟਰ ਅਤੇ ਜਾਪਾਨ ਵੱਲੋਂ ਪੁਲਾੜ ’ਚ ਖਤਰਨਾਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ’ਤੇ ਸਾਰੇ ਦੇਸ਼ਾਂ ’ਤੇ ਪਾਬੰਦੀ ਲਾਉਣ ਦੇ ਮਤੇ ਨੂੰ ਵੀਟੋ ਕਰ ਦਿੱਤਾ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ 13 ਦੇਸ਼ਾਂ ਨੇ ਮਤੇ ਦੇ ਹੱਕ ’ਚ ਵੋਟਿੰਗ ਕੀਤੀ, ਜਦਕਿ ਰੂਸ ਨੇ ਇਸ ਦਾ ਵਿਰੋਧ ਕੀਤਾ ਅਤੇ ਚੀਨ ਗੈਰ-ਹਾਜ਼ਰ ਰਿਹਾ। ਰੂਸ ਨੇ ਇਸ ਮਤੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਮਤਾ ਰੱਦ ਕੀਤਾ ਤੇ ਕਿਹਾ ਕਿ ਇਹ ਮਤਾ ਪੁਲਾੜ ’ਚ ਹਰ ਤਰ੍ਹਾਂ ਦੇ ਹਥਿਆਰਾਂ ’ਤੇ ਪਾਬੰਦੀ ਲਗਾਉਣ ਦੇ ਸਮਰਥ ਨਹੀਂ ਹੈ।
ਸਾਂਸਦ ਪਤੀ ਖਿਲਾਫ ਬਗਾਵਤ
ਇਟਾਵਾ : ਯੂ ਪੀ ਦੇ ਇਟਾਵਾ ਲੋਕ ਸਭਾ ਹਲਕੇ ’ਚ ਮਿ੍ਰਦੁਲਾ ਕਠੇਰੀਆ ਨੇ ਆਪਣੇ ਪਤੀ ਅਤੇ ਭਾਜਪਾ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਰਾਮ ਸ਼ੰਕਰ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਮਿ੍ਰਦੁਲਾ ਨੇ ਪਰਚਾ ਦਾਖਲ ਕੀਤਾ ਸੀ, ਪਰ ਬਾਅਦ ’ਚ ਵਾਪਸ ਲੈ ਲਿਆ ਸੀ। ਹਲਕੇ ’ਚ 13 ਮਈ ਨੂੰ ਚੋਣਾਂ ਹੋਣੀਆਂ ਹਨ।




