ਚੰਡੀਗੜ੍ਹ (ਗੁਰਜੀਤ ਬਿੱਲਾ)
ਮੁਹਾਲੀ ਪੁਲਸ ਨੇ ਇੱਕ ਐਂਬੂਲੈਂਸ ‘ਚ ਨਕਲੀ ਮਰੀਜ਼ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ 8 ਕਿਲੋ ਅਫੀਮ ਬਰਾਮਦ ਕੀਤੀ ਹੈ | ਦੱਪਰ ਟੋਲ ਪਲਾਜ਼ਾ ਕੋਲ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇਹ ਐਂਬੂਲੈਂਸ ਅਤੇ ਤਿੰਨ ਤਸਕਰਾਂ ਨੂੰ ਫੜਿਆ | ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 8 ਕਿਲੋ ਅਫ਼ੀਮ ਤੋਂ ਇਲਾਵਾ ਚੰਡੀਗੜ੍ਹ ਨੰਬਰ ਦੀ ਇੱਕ ਮਾਰੂਤੀ ਵੈਨ ਵੀ ਬਰਾਮਦ ਕੀਤੀ | ਪੁਲਸ ਮੁਤਾਬਕ ਇਹ ਵੈਨ 8 ਤੋਂ 10 ਵਾਰ ਡਰੱਗ ਦੀ ਸਮਗਿਲੰਗ ਲਈ ਇਸਤੇਮਾਲ ਕਰ ਚੁੱਕੇ ਹਨ |
ਐਤਵਾਰ ਮੁਹਾਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸ ਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀ ਐੱਸ ਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜਿਲ੍ਹਾ ਸੀ ਆਈ ਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਪਿੰਡ ਦੱਪਰ ਨੇੜੇ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਅੰਬਾਲਾ ਤੋਂ ਆ ਰਹੀ ਐਂਬੂਲੈਂਸ ਵੈਨ ਨੂੰ ਰੋਕ ਕੇ ਚੈਕਿੰਗ ਕੀਤੀ ਗਈ | ਐਂਬੂਲੈਂਸ ‘ਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਅਤੇ ਦੂਜਾ ਉਸ ਨਾਲ ਦੇਖਭਾਲ ਲਈ ਬੈਠਾ ਹੋਇਆ ਸੀ | ਐਂਬੂਲੈਂਸ ਵੈਨ ‘ਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਆਕਸੀਜਨ ਸਿਲੰਡਰ, ਫਸਟ-ਏਡ ਕਿੱਟ ਸੀ | ਸ਼ੱਕ ਪੈਣ ‘ਤੇ ਐਂਬੂਲੈਸ ਨੂੰ ਚੈੱਕ ਕਰਨ ‘ਤੇ ਮਰੀਜ਼ ਬਣੇ ਵਿਅਕਤੀ ਦੇ ਸਿਰਹਾਣੇ ਦੀ ਤਲਾਸ਼ੀ ਕਰਨ ‘ਤੇ ਉਸ ‘ਚੋਂ 8 ਕਿੱਲੋ ਅਫੀਮ ਬਰਾਮਦ ਕੀਤੀ ਗਈ | ਚਾਲਕ ਸਮੇਤ ਤਿੰਨਾਂ ਖਿਲਾਫ਼ ਲਾਲੜੂ ਥਾਣੇ ਵਿਚ ਐੱਨ ਡੀ ਪੀ ਐੱਸ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਗਿ੍ਫਤਾਰੀ ਪਾ ਲਈ ਗਈ | ਐੱਸ ਐੱਸ ਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਯੂ ਪੀ ਦੇ ਰਾਮਪੁਰ ਜ਼ਿਲ੍ਹੇ ਦਾ ਰਵੀ ਸ੍ਰੀਵਾਸਤਵ (28), ਨਯਾਗਾਓਾ ਦਾ ਹਰਿੰਦਰ ਸ਼ਰਮਾ (47) ਤੇ ਅੰਕੁਸ਼ (27) ਖੁੱਡਾ ਅਲੀ ਸ਼ੇਰ, ਚੰਡੀਗੜ੍ਹ ਸ਼ਾਮਲ ਹਨ |