ਜੌਨਪੁਰ : ਯੂ ਪੀ ਦੇ ਜੌਨਪੁਰ ਜ਼ਿਲ੍ਹੇ ਦੀ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੇ ਫਾਰਮੇਸੀ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਵੱਲੋਂ ਆਪਣੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ‘ਚ ਸਿਰਫ ‘ਜੈ ਸ੍ਰੀ ਰਾਮ’ ਅਤੇ ਕੌਮਾਂਤਰੀ ਕਿ੍ਕਟ ਖਿਡਾਰੀਆਂ ਦੇ ਨਾਂ ਲਿਖਣ ਦੇ ਬਾਵਜੂਦ ਉਨ੍ਹਾਂ ਨੂੰ 56 ਫੀਸਦੀ ਅੰਕਾਂ ਨਾਲ ਪਾਸ ਕਰ ਦੇਣ ਨੇ ਸਭ ਨੂੰ ਹੈਰਾਨ ਕਰ ਦਿੱਤਾ | ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ | ਯੂਨੀਵਰਸਿਟੀ ਦੀ ਪ੍ਰੀਖਿਆ ਕਮੇਟੀ ਦੀ ਮੀਟਿੰਗ ‘ਚ ਦੋ ਅਧਿਆਪਕਾਂ ਡਾ. ਆਸ਼ੂਤੋਸ਼ ਗੁਪਤਾ ਅਤੇ ਡਾ. ਵਿਨੈ ਵਰਮਾ ਨੂੰ ਇਸ ਲਈ ਦੋਸ਼ੀ ਠਹਿਰਾਇਆ ਗਿਆ | ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਯਾਂਸ਼ੂ ਸਿੰਘ ਨੇ ਸ਼ਨੀਵਾਰ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਪੂਰਵਾਂਚਲ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਡੀ ਫਾਰਮਾ ਕੋਰਸ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੇ ਕੁਝ ਵਿਦਿਆਰਥੀ ਸਹੀ ਉੱਤਰ ਨਾ ਦੇਣ ਦੇ ਬਾਵਜੂਦ ਪ੍ਰੀਖਿਆ ‘ਚ ਪਾਸ ਹੋ ਗਏ ਹਨ ਤਾਂ ਉਸਨੇ ਆਰ ਟੀ ਆਈ ਤਹਿਤ ਜਾਣਕਾਰੀ ਮੰਗੀ | ਦਿਵਯਾਂਸ਼ੂ ਸਿੰਘ ਨੇ ਦੱਸਿਆ ਕਿ ਉਸਨੇ 3 ਅਗਸਤ 2023 ਨੂੰ ਕੁਝ ਰੋਲ ਨੰਬਰ ਦੇ ਕੇ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਮੰਗ ਕੀਤੀ ਸੀ |
ਜਾਂਚ ਦੌਰਾਨ ਸਾਹਮਣੇ ਆਇਆ ਕਿ ਚਾਰ ਵੱਖ-ਵੱਖ ਬਾਰ-ਕੋਡ ਵਾਲੀਆਂ ਕਾਪੀਆਂ ‘ਚ ਵਿਦਿਆਰਥੀਆਂ ਨੇ ਸਿਰਫ ‘ਜੈ ਸ੍ਰੀ ਰਾਮ’ ਅਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਸਣੇ ਹੋਰ ਕਿ੍ਕਟ ਖਿਡਾਰੀਆਂ ਦੇ ਨਾਂ ਲਿਖੇ ਸਨ ਅਤੇ ਉਨ੍ਹਾਂ ਨੂੰ 75 ਵਿੱਚੋਂ 42 ਅੰਕ ਦੇ ਦਿੱਤੇ, ਜਿਸ ਨਾਲ ਵਿਦਿਆਰਥੀ 56 ਫੀਸਦ ਅੰਕਾਂ ਨਾਲ ਪਾਸ ਹੋ ਗਏ |