27.5 C
Jalandhar
Friday, November 22, 2024
spot_img

ਚੋਣ ਪ੍ਰਚਾਰ ‘ਚ ਭਾਸ਼ਾ, ਸਿੱਖਿਆ ਤੇ ਸਾਹਿਤ ਵਰਗੇ ਮਸਲੇ ਅਲੋਪ

ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਬਦਲਦਾ ਦਿ੍ਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ‘ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਸ਼ਨੀਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ੁਰੂ ਹੋਈ | ਅਕਾਦਮੀ ਦੇ ਪ੍ਰੈੱਸ ਸਕੱਤਰ ਜਸਵੀਰ ਝੱਜ ਨੇ ਦਸਿਆ ਕਿ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਸ਼ੁਰੂ ਕਰਨ ਸਮੇਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪਾਰਟੀਆਂ ਦੇ ਚੋਣ ਪ੍ਰਚਾਰ ਵਿਚੋਂ ਭਾਸ਼ਾ, ਸਾਹਿਤ, ਸਿੱਖਿਆ ਵਰਗੇ ਮਸਲੇ ਅਲੋਪ ਹਨ | ਇਕ ਰੰਗੇ ਭਾਰਤ ਦੀ ਗੱਲ ਕਰਦੇ ਹੋਏ ਅਸਹਿਮਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਉਨ੍ਹਾ ਕਾਨਫ਼ਰੰਸ ਦੀ ਰੂਪ-ਰੇਖਾ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਤੁਹਾਡੀ ਆਮਦ ਭਾਸ਼ਾ ਦੀ ਫ਼ਿਕਰਮੰਦੀ ਬਾਰੇ ਗਵਾਹੀ ਭਰਦੀ ਹੈ |
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸ ਸ ਜੌਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ ਸ਼ਾਮਲ ਸਨ | ਪ੍ਰਧਾਨਗੀ ਮੰਡਲ ‘ਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਜੋਗਾ ਸਿੰਘ ਸ਼ਾਮਲ ਸਨ |
ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਜੋਗਾ ਸਿਘ ਨੇ ਮੁੱਖ ਸੁਰ ਭਾਸ਼ਣ ‘ਚ ਭਾਸ਼ਾਈ ਵਿਕਾਸ ਦੀਆਂ ਅਵਸਥਾਵਾਂ ਦਾ ਜ਼ਿਕਰ ਕਰਦੇ ਹੋਏ ਵਿਦਿਆ, ਰਾਜਸੀ ਤੰਤਰ ਅਤੇ ਸੰਚਾਰ ਰਾਹੀਂ ਇਕ ਭਾਸ਼ਾ ਦੇ ਦੂਜੀ ਭਾਸ਼ਾ ‘ਤੇ ਭਾਰੂ ਹੋਣ ਦੀਆਂ ਮਿਸਾਲਾਂ ਦਿੰਦੇ ਹੋਏ ਪੰਜਾਬੀ ਭਾਸ਼ਾ ਦੇ ਅਤੀਤ ਅਤੇ ਸਮਕਾਲ ‘ਤੇ ਚਰਚਾ ਕੀਤੀ | ਉਨ੍ਹਾ ਕਿਹਾ ਕਿ ਪੰਜਾਬੀ ਦੇ ਪਾਸਾਰ ਲਈ ਇਸ ਨੂੰ ਵਿਦਿਆ ਦਾ ਮਾਧਿਅਮ, ਰੁਜ਼ਗਾਰ ਦੀ ਭਾਸ਼ਾ, ਕਾਨੂੰਨ, ਗਿਆਨ ਅਤੇ ਪੱਤਰ ਵਿਹਾਰ ਦੀ ਭਾਸ਼ਾ ਬਣਾਉਣਾ ਪਵੇਗਾ | ਉਨ੍ਹਾ ਸੌੜੀ ਰਾਜਨੀਤੀ ਤੇ ਪੰਜਾਬ ਦੀ ਵੰਡ ਵੱਲ ਇਸ਼ਾਰਾ ਕਰਕੇ ਹੋਏ ਭਾਸ਼ਾ ਦੇ ਨੁਕਸਾਨ ਬਾਰੇ ਚਰਚਾ ਕੀਤੀ | ਉਨ੍ਹਾ ਕਿਹਾ ਕਿ ਪੰਜਾਬੀ ਡਾਇਸਪੋਰੇ ਤੋਂ ਬੋਲੀ ਦੀ ਪੱਧਰ ਤੇ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ |
ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ | ਉਨ੍ਹਾ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਗਰੇਜ਼ੀ ਪ੍ਰਤੀ ਉਲਾਰ ਬਿਰਤੀ ਤੇ ਭਰਮ ਚੇਤਨਾ ਨੂੰ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ |
ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ | ਡਾ. ਸੁਖਦੇਵ ਸਿੰਘ ਸਿਰਸਾ ਨੇ ‘ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਜਨਜਾਤੀ ਅਤੇ ਕਬੀਲਾਈ ਭਾਸ਼ਾਵਾਂ ਪ੍ਰਤੀ ਸਰਕਾਰਾਂ ਦੀ ਅਵਿਗਿਆਨਕ, ਨਸਲੀ ਅਤੇ ਪ੍ਰਸ਼ਾਸਨਮੁਖ ਪਹੁੰਚ ਕਰਕੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਸ਼ਾਵਾਂ ਮਰ ਚੁੱਕੀਆਂ ਹਨ ਜਾਂ ਮਰਨ ਕਿਨਾਰੇ ਹਨ | ਭਾਸ਼ਾਵਾਂ ਦੇ ਵਿਕਾਸ ਲਈ, ਲੋਕ ਚੇਤਨਾ ਅਤੇ ਸਿੱਖਿਆ ਅਹਿਮ ਅਤੇ ਬੁਨਿਆਦੀ ਕਾਰਕ ਹਨ | ਡਾ. ਸੁਰਜੀਤ ਸਿੰਘ ਨੇ ‘ਉਪਭੋਗੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ-ਪੱਤਰ ‘ਚ ਕਿਹਾ ਕਿ ਉਪਭੋਗੀ ਸੱਭਿਆਚਾਰ ਨੂੰ ਨਾਕਾਰਤਮਕ ਵਰਤਾਰੇ ਦੀ ਥਾਂ ਜ਼ਰੂਰੀ ਇਤਿਹਾਸਕ ਸਥਿਤੀ ਵਜੋਂ ਸਮਝਣਾ ਚਾਹੀਦਾ ਹੈ | ਇਸ ਸਮੇਂ ਵਸਤਾਂ ਹੀ ਸਮਾਜਿਕ ਰੁਤਬਾ ਅਤੇ ਪੱਧਰ ਤਹਿ ਕਰਦੀਆਂ ਹਨ | ਅਜਿਹੇ ਵਿਚ ਖੇਤਰੀ ਭਾਸ਼ਾਵਾਂ ਜਾਂ ਭਾਸ਼ਾ ਦੀ ਵਨਸੁਵੰਨਤਾ ਦਾ ਬਚਿਆ ਰਹਿਣਾ ਬੇਹੱਦ ਜ਼ਰੂਰੀ ਹੈ | ਡਾ. ਸਵਰਾਜਬੀਰ ਨੇ ਪੱਛਮੀ ਵਿਦਵਾਨਾਂ ਦੇ ਹਵਾਲੇ ਨਾਲ
ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ਼ ਪੰਜਾਬੀ ਸਾਹਿਤਕਾਰ ਹੀ ਨਹੀਂ ਬਚਾ ਸਕਦੇ, ਸਗੋਂ ਇਸ ਨੂੰ ਹੋਰਨਾਂ ਖੇਤਰਾਂ ਵਿਚ ਕੰਮ ਕਰ ਰਹੇ ਵਿਗਿਆਨੀ, ਚਿੰਤਕ, ਅਰਥ ਸ਼ਾਸਤਰੀ ਹੀ ਰਲਮਿਲ ਕੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਿਆਰ ਕਰ ਸਕਦੇ ਹਨ | ‘ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ’ ਬਾਰੇ ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਖੋਜ-ਪੱਤਰ ‘ਚ ਕਿਹਾ ਕਿ ਸਾਨੂੰ ਓਪਨ ਸੋਰਸ ਅਪਣਾਉਣਾ ਪਵੇਗਾ, ਤਾਂ ਜੋ ਅਸੀਂ ਸਾਫ਼ਟਵੇਅਰ ਕੰਪਨੀਆਂ ਦੀ ਨਿਰਭਰਤਾ ਤੋਂ ਬਚ ਸਕੀਏ | ਪੰਜਾਬੀ ਵਰਤਣ ਵਾਲੇ ਆਮ ਲੋਕ ਏਨੇੇ ਅਮੀਰ ਨਹੀਂ ਹਨ ਕਿ ਉਹ ਹਰ ਕੰਪਨੀ ਦੇ ਹਰ ਸਾਫ਼ਟਵੇਅਰ ਖ਼ਰੀਦ ਸਕਣ | ਉਨ੍ਹਾ ਕਿਹਾ ਯੂਨੀਵਰਸਲ ਭਾਸ਼ਾ ਬਣਾਉਣੀ ਤਾਂ ਔਖੀ ਹੈ, ਪਰ ਜੇ ਭਾਰਤੀ ਭਾਸ਼ਾਵਾਂ ਦੀ ਇਕ ਸਾਂਝੀ ਭਾਸ਼ਾ ਆਰਟੀਫ਼ਿਸ਼ਲ ਇੰਟੈਲੀਜੈਂਸ ਨਾਲ ਬਣਾ ਲਈ ਜਾਵੇ ਤਾਂ ਇਹ ਸੌਖੀ ਬਣ ਜਾਵੇਗੀ | ਇਕ ਭਾਸ਼ਾ ਨੂੰ ਫ਼ੈਸ਼ਨ ਬਣਾਉਣਾ ਪਵੇਗਾ | ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ’ ਬਾਰ ਬੋਲਦਿਆਂ ਦੂਜੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦੇ ਆਦਾਨ-ਪ੍ਰਦਾਨ ਬਾਰੇ ਵਿਗਿਆਨਕ ਟਿੱਪਣੀਆਂ ਕੀਤੀਆਂ | ‘ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਬਾਰੇ ਡਾ. ਧਰਮਵੀਰ ਸ਼ਰਮਾ ਨੇ ਖੋਜ-ਪੱਤਰ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾ ਆਪਣੇ ਪੱਧਰ ‘ਤੇ ਕੁਝ ਇਸ ਤਰ੍ਹਾਂ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਮੌਜੂਦਾ ਸਾਫ਼ਟਵੇਅਰਾਂ ਨਾਲ ਜੋੜ ਕੇ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਤਕਨੀਕ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ | ‘ਡਿਜੀਟਲ ਯੁੱਗ ਅਤੇ ਪੰਜਾਬੀ ਭਾਸ਼ਾ’ ਬਾਰੇ ਪੇਪਰ ਪੇਸ਼ ਕਰਦਿਆਂ ਡਾ. ਸੀ ਪੀ ਕੰਬੋਜ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਤ ਜਿੰਨੇ ਵੀ ਸਾਫ਼ਟਵੇਅਰ ਬਣ ਚੁੱਕੇ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਤੇ ਸਮੂਹ ਲੇਖਕਾਂ ਅਤੇ ਆਮ ਪੰਜਾਬੀਆਂ ਨੂੰ ਯੂਨੀਕੋਡ ਫ਼ੌਟ ਵਰਤਣ ਦੀ ਤਾਕੀਦ ਕੀਤੀ | ਖੋਜ-ਪੱਤਰਾਂ ‘ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ | ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿਚ ‘ਆਤੂ ਖੋਜੀ’ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ ਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ, ਦਿਖਾਈ ਗਈ |

Related Articles

LEAVE A REPLY

Please enter your comment!
Please enter your name here

Latest Articles