ਮੋਗਾ (ਇਕਬਾਲ ਸਿੰਘ ਖਹਿਰਾ)-ਬੀਤੇ ਦਿਨੀਂ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਰੂਸ ਦੇ ਮਹਾਨ ਇਨਕਲਾਬੀ ਅਤੇ ਦੁਨੀਆ ਦੀ ਕਿਰਤੀ ਧਿਰ ਦੇ ਮਹਾਨ ਆਗੂ ਅਤੇ ਅਧਿਆਪਕ ਵੀ ਆਈ ਲੈਨਿਨ ਦੇ ਜਨਮ ਦਿਨ ਮੌਕੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਬਨੇਗਾ ਵਲੰਟੀਅਰ ਸੰਮੇਲਨ ਵਿੱਚ ਮਾਰਕਸਵਾਦੀ ਚਿੰਤਕ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਦੀ ਨਵੀਂ ਛਪੀ ਸਿਧਾਂਤਕ ਪੁਸਤਕ ‘ਮਾਰਕਸਵਾਦ ਸਦਾ ਰਾਹ ਦਸੇਰਾ ਹੈ’ ਨੂੰ ਉਘੇ ਲੇਖਕ ਡਾਕਟਰ ਸੁਖਦੇਵ ਸਿੰਘ ਸਿਰਸਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾਈ ਲੀਡਰਸ਼ਿਪ ਵੱਲੋਂ ਲੋਕ-ਅਰਪਣ ਕੀਤਾ ਗਿਆ | ਇਸ ਮੌਕੇ ਕਿਤਾਬ ਨੂੰ ਜਾਰੀ ਕਰਨ ਉਪਰੰਤ ਕਿਤਾਬ ਦੇ ਸੰਬੰਧ ਵਿੱਚ ਬੋਲਦਿਆਂ ਡਾ. ਸਿਰਸਾ ਨੇ ਕਿਹਾ ਕਿ ਸਰਮਾਏਦਾਰੀ ਦੇ ਅਜੋਕੇ ਦੌਰ ਵਿੱਚ ਅਜਿਹੀ ਸਿਧਾਂਤਕ ਪੁਸਤਕ ਦਾ ਛਪਣਾ ਇੱਕ ਮਹੱਤਵਪੂਰਨ ਉਪਰਾਲਾ ਹੈ ਅਤੇ ਇਹ ਪੁਸਤਕ ਕਿਰਤੀ ਧਿਰ ਦੀ ਯੋਗ ਸਿਧਾਂਤਕ ਅਗਵਾਈ ਕਰਦੀ ਹੈ | ਉਹਨਾ ਕਿਹਾ ਕਿ ਜਿੱਥੇ ਇੱਕ ਪਾਸੇ ਦੁਨੀਆ ਭਰ ਦੀ ਸਰਮਾਏਦਾਰੀ ਮਾਰਕਸਵਾਦ ਨੂੰ ਭੰਡਣ ਲਈ ਪੂਰਾ ਜ਼ੋਰ ਲਗਾ ਰਹੀ ਹੈ, ਦੂਜੇ ਪਾਸੇ ਮਾਰਕਸਵਾਦੀ ਚਿੰਤਕ ਜਗਰੂਪ ਸਿੰਘ ਦੀ ਇਹ ਪੁਸਤਕ ਮਾਰਕਸਵਾਦ ਦੇ ਝੰਡੇ ਨੂੰ ਹੋਰ ਮਜ਼ਬੂਤੀ ਨਾਲ ਬੁਲੰਦ ਕਰਦੀ ਹੈ |
ਸਰਬ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਸੂਬਾ ਸਕੱਤਰ ਪਿ੍ਤਪਾਲ ਸਿੰਘ ਨੇ ਕਿਹਾ ਕਿ ਸਾਥੀ ਜਗਰੂਪ ਦਾ ਪੁਸਤਕ ਦੇ ਰੂਪ ਵਿੱਚ ਕੀਤਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅਤੇ ਸਾਥੀ ਜਗਰੂਪ ਨੇ ਹਮੇਸ਼ਾ ਹੀ ਨੌਜਵਾਨਾਂ, ਵਿਦਿਆਰਥੀਆਂ ਨੂੰ ਮਾਰਕਸਵਾਦੀ ਸਿੱਖਿਆ ਨਾਲ ਸਿਖਿਅਤ ਕੀਤਾ ਹੈ | ਅੱਜ ਜਦੋਂ ਜਵਾਨੀ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਹੈ ਤਾਂ ਇਹ ਪੁਸਤਕ ਰੁਜ਼ਗਾਰ ਪ੍ਰਾਪਤੀ ਲਈ ਵੀ ਰਾਹ-ਦਸੇਰੇ ਦਾ ਕੰਮ ਕਰਦੀ ਹੈ |
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ, ਐਪਸੋ ਦੇ ਜ਼ਿਲ੍ਹਾ ਆਗੂ ਡਾ. ਇੰਦਰਬੀਰ ਮੋਗਾ, ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾਈ ਆਗੂ ਜਗਦੀਸ਼ ਸਿੰਘ ਚਾਹਲ, ਏ ਆਈ ਵਾਈ ਐੱਫ ਦੀ ਆਗੂ ਕਰਮਵੀਰ ਬੱਧਨੀ, ਰਾਜਸਥਾਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਰਦੂਲ ਸਿੰਘ ਨੇ ਸੰਬੋਧਨ ਦੌਰਾਨ ਸਾਥੀ ਜਗਰੂਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਨਿਰਾਸ਼ ਹੋਈਆਂ ਇਨਕਲਾਬੀ ਧਿਰਾਂ ਅਤੇ ਜਥੇਬੰਦੀਆਂ ਵਿੱਚ ਨਵੀਂ ਰੂਹ ਫ਼ੂਕਦੀ ਹੈ ਅਤੇ ਨਵੇਂ ਅਤੇ ਸੌਖੇ ਰੂਪ ਵਿੱਚ ਸਿਧਾਂਤਕ ਹਥਿਆਰਾਂ ਨਾਲ ਲੈਸ ਕਰਦੀ ਹੈ | ਇਸ ਮੌਕੇ ਆਗੂਆਂ ਨੇ ਸਮੁੱਚੇ ਰੂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਸਵਾਦੀ ਸਿਧਾਂਤ ਕੌਮਾਂਤਰੀ ਪੱਧਰ ‘ਤੇ ਹਮੇਸ਼ਾ ਜਿਉਂਦਾ ਹੈ ਅਤੇ ਜਿਉਂਦਾ ਰਹੇਗਾ |
ਮਾਰਕਸਵਾਦ ਦੇ ਸਿਧਾਂਤ ਨੂੰ ਲਾਗੂ ਕੀਤੇ ਤੋਂ ਬਿਨਾਂ ਸਮੁੱਚੀ ਲੁਕਾਈ ਦਾ ਭਲਾ ਨਹੀਂ ਹੋ ਸਕਦਾ |
ਹੋਰਨਾਂ ਤੋਂ ਇਲਾਵਾ ਐਪਸੋ ਆਗੂ ਸਵਰਨ ਖੋਸਾ, ਰੋਡਵੇਜ਼ ਮੁਲਾਜ਼ਮਾਂ ਦੇ ਆਗੂ ਗੁਰਜੰਟ ਸਿੰਘ ਕੋਕਰੀ, ਸੁਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਸਾਬਕਾ ਅਧਿਆਪਕ ਆਗੂ ਬਲਬੀਰ ਸਿੰਘ ਰਾਮੂਵਾਲਾ, ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਭੁਪਿੰਦਰ ਸਿੰਘ ਸੇਖੋਂ, ਸਤਪਾਲ ਸਹਿਗਲ ਤੇ ਪੋਹਲਾ ਸਿੰਘ ਵੀ ਮੌਜੂਦ ਸਨ |