ਨੈਨੀਤਾਲ : ਉੱਤਰਾਖੰਡ ਨੈਨੀਤਾਲ ਦੇ ਆਲੇ-ਦੁਆਲੇ ਦੇ ਪਹਾੜਾਂ ‘ਚ ਜੰਗਲਾਂ ਨੂੰ ਲੱਗੀ ਅੱਗ ਬੁਝਾਉਣ ਲਈ ਥਲ ਤੇ ਹਵਾਈ ਸੈਨਾ ਦੇ ਜਵਾਨ ਲੱਗੇ ਹੋਏ ਹਨ | ਹਵਾਈ ਸੈਨਾ ਦੇ ਹੈਲੀਕਾਪਟਰ ਭੀਮਤਾਲ ਝੀਲ ਤੋਂ ਪਾਣੀ ਚੁੱਕ ਕੇ ਛਿੜਕਾ ਕਰ ਰਹੇ ਹਨ ਤਾਂ ਜੋ ਜੰਗਲ ਦੀ ਭਿਆਨਕ ਅੱਗ ਨੂੰ ਕਾਬੂ ਕੀਤਾ ਜਾ ਸਕੇ |
ਅੱਗ ਨੈਨੀਤਾਲ ਵਿਚ ਪਾਈਨਜ਼ ਇਲਾਕੇ ਕੋਲ ਹਾਈ ਕੋਰਟ ਕਾਲੋਨੀ ਤੇ ਹਵਾਈ ਫੌਜ ਦੇ ਟਿਕਾਣੇ ਨੇੜੇ ਪੁੱਜ ਗਈ ਸੀ |
ਨੈਨੀਤਾਲ ਦੇ ਲੜੀਆਕਾਟਾ ਏਅਰ ਫੋਰਸ, ਪਾਈਨਸ, ਗੇਠੀਆ, ਬਲਦੀਆ ਖਾਨ, ਏਰੀਜ਼, ਬਾਰਾ ਪੱਥਰ ਕੋਲ ਜੰਗਲ ਵਿਚ ਅੱਗ ਲੱਗੀ ਹੋਈ ਹੈ |
ਇਸ ਸਾਲ ਮੀਂਹ ਤੇ ਬਰਫਬਾਰੀ ਨਾ ਹੋਣ ਕਾਰਨ ਗਰਮੀ ਵਧ ਰਹੀ ਹੈ ਅਤੇ ਵਧਦੇ ਤਾਪਮਾਨ ਕਾਰਨ ਨੈਨੀਤਾਲ ਤੇ ਆਲੇ-ਦੁਆਲੇ ਦੇ ਜੰਗਲਾਂ ਵਿਚ ਭਿਆਨਕ ਅੱਗਾਂ ਲੱਗ ਰਹੀਆਂ ਹਨ | ਖੜ੍ਹੀਆਂ ਪਹਾੜੀਆਂ ਕਾਰਨ ਅੱਗ ‘ਤੇ ਕਾਬੂ ਪਾਉਣ ਵਿਚ ਮੁਸ਼ਕਲਾਂ ਆ ਰਹੀਆਂ ਹਨ |
ਜੰਗਲਾਤ ਵਿਭਾਗ ਵੱਲੋਂ ਸ਼ੁੱਕਰਵਾਰ ਜਾਰੀ ਬੁਲੇਟਿਨ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੁਮਾਓਾ ਖੇਤਰ ਵਿਚ 26 ਅਤੇ ਗੜ੍ਹਵਾਲ ਖੇਤਰ ਵਿਚ 5 ਅੱਗਾਂ ਲੱਗੀਆਂ ਹਨ | 33.34 ਹੈਕਟੇਅਰ ਜੰਗਲ ਪ੍ਰਭਾਵਤ ਹੋਇਆ ਹੈ | ਪਿਛਲੇ ਸਾਲ ਇਕ ਨਵੰਬਰ ਤੋਂ ਹੁਣ ਤੱਕ ਸੂਬੇ ਦੇ ਜੰਗਲਾਂ ਵਿਚ ਅੱਗ ਦੀਆਂ 575 ਘਟਨਾਵਾਂ ਹੋਈਆਂ ਹਨ ਤੇ 689.89 ਹੈਕਟੇਅਰ ਰਕਬਾ ਪ੍ਰਭਾਵਤ ਹੋਇਆ ਹੈ |