ਯੂਜੀਨ : ਭਾਰਤ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ ‘ਚ 18ਵੀਂ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਮਗਾ ਜਿੱਤਿਆ | ਉਨ੍ਹਾ 88.13 ਮੀਟਰ ਭਾਲਾ ਸੁੱਟ ਕੇ ਇਹ ਤਮਗਾ ਹਾਸਲ ਕੀਤਾ | ਸੋਨੇ ਦਾ ਤਮਗਾ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਜਿੱਤਿਆ | ਉਨ੍ਹਾ 90.54 ਮੀਟਰ ਭਾਲਾ ਸੁੱਟਿਆ | ਇਸ ਮੁਕਾਬਲੇ ‘ਚ ਭਾਰਤ ਦੇ ਰੋਹਿਤ ਯਾਦਵ ਵੀ ਸਨ, ਉਹ 78.72 ਮੀਟਰ ਭਾਲਾ ਸੁੱਟ ਕੇ 10ਵੇਂ ਸਥਾਨ ‘ਤੇ ਰਹੇ | ਨੀਰਜ ਚੋਪੜਾ ਭਾਵੇਂ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ, ਪਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ | ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਅਤੇ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਗਿਆ | ਜੈਵਲਿਨ ਥਰੋਅ ਸਟਾਰ ਨੀਰਜ ਚੋਪੜਾ ਨੇ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ | ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤ ਦੇ 19 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਇਤਿਹਾਸ ਰਚਿਆ | ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪੜਾ ਨੇ ਦੂਜੀ ਕੋਸ਼ਿਸ਼ ‘ਚ 82.39, ਤੀਜੀ ‘ਚ 86.37 ਅਤੇ ਚੌਥੀ ‘ਚ 88. 13 ਮੀਟਰ ਥਰੋਅ ਕੀਤਾ, ਜੋ ਸੀਜ਼ਨ ਦਾ ਉਸ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ | ਉਸ ਦੀ ਪੰਜਵੀਂ ਅਤੇ ਛੇਵੀਂ ਕੋਸ਼ਿਸ਼ ਫਾਊਲ ਰਹੀ | ਕਾਂਸੀ ਦਾ ਤਮਗਾ ਚੈੱਕ ਗਣਰਾਜ ਦੇ ਯਾਕੂਬ ਵਾਲਦੇਸ ਨੂੰ ਮਿਲਿਆ, ਜਿਸ ਨੇ 88.09 ਮੀਟਰ ਥਰੋਅ ਕੀਤਾ | ਭਾਰਤ ਦੇ ਰੋਹਿਤ ਯਾਦਵ 78.72 ਮੀਟਰ ਦੇ ਸਰਵੋਤਮ ਥਰੋਅ ਨਾਲ 10ਵੇਂ ਸਥਾਨ ‘ਤੇ ਰਿਹਾ | ਇਸ ਮੁਕਾਬਲੇ ‘ਚ ਪਾਕਿਸਤਾਨ ਦੇ ਅਰਸ਼ਦ ਨਦੀਮ ਵੀ ਸ਼ਾਮਲ ਸਨ | ਉਹ ਪੰਜਵੇਂ ਸਥਾਨ ‘ਤੇ ਰਹੇ, ਉਨ੍ਹਾ 88.16 ਮੀਟਰ ਭਾਲ ਸੁੱਟਿਆ | 39 ਸਾਲ ਤੋਂ ਚੱਲ ਰਹੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਦਾ ਸੋਨੇ ਦਾ ਤਮਗਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ | ਉਸ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ | 19 ਸਾਲ ਬਾਅਦ ਦੇਸ਼ ਨੂੰ ਇਸ ਚੈਂਪੀਅਨਸ਼ਿਪ ‘ਚ ਕੋਈ ਤਮਗਾ ਮਿਲਿਆ ਹੈ | ਨੀਰਜ ਤੋਂ ਪਹਿਲਾਂ ਅੰਜੂ ਬਾਬੀ ਜਾਰਜ ਨੇ ਲੌਂਗ ਜੰਪ ‘ਚ 2003 ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ ਤੇ ਉਹ ਭਾਰਤ ਦਾ ਇੱਕੋ ਇੱਕ ਤਮਗਾ ਸੀ | ਨੀਰਜ ਚੋਪੜਾ ਦੇ ਇਤਿਹਾਸ ਰਚਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਨਰੇਂਦਰ ਮੋਦੀ ਨੇ ਉਨ੍ਹਾ ਨੂੰ ਵਧਾਈ ਦਿੱਤੀ | ਉਨ੍ਹਾ ਟਵੀਟ ਕਰਕੇ ਲਿਖਿਆ, ‘ਸਾਡੇ ਸਭ ਤੋਂ ਹੋਣਹਾਰ ਅਥਲੀਟਾਂ ‘ਚੋਂ ਇੱਕ ਨੀਰਜ ਵੱਲੋਂ ਇੱਕ ਹੋਰ ਵੱਡੀ ਉਪਲਬੱਧੀ ਲਈ ਉਨ੍ਹਾ ਨੂੰ ਬਹੁਤ-ਬਹੁਤ ਵਧਾਈ | ਭਾਰਤੀ ਖੇਡਾਂ ਲਈ ਇੱਕ ਵਿਸ਼ੇਸ਼ ਪਲ | ਨੀਰਜ ਨੂੰ ਉਨ੍ਹਾ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ |’